ਪੱਤਰ ਪ੍ਰੇਰਕ
ਪਾਇਲ, 27 ਅਗਸਤ
‘ਬੀਬੀ ਰਜਨੀ’ ਫਿਲਮ ਦੀ ਪ੍ਰਮੋਸ਼ਨ ਲਈ ਫਿਲਮ ਦੀ ਟੀਮ ਬੀਤੀ ਰਾਤ ਪਿੰਡ ਜਰਗ ਪੁੱਜੀ। ਫ਼ਿਲਮ ਦੇ ਮੁੱਖ ਅਦਾਕਾਰ ਯੋਗਰਾਜ ਸਿੰਘ ਨੇ ਇਸ ਮੌਕੇ ਡੇਰਾਵਾਦ ਦੀ ਨਿਖੇਧੀ ਕਰਦਿਆਂ ਕਿਹਾ ਕਿ ਬੀਬੀਆਂ ਨੂੰ ਡੇਰਿਆਂ ਵਿੱਚ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 30 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ਨੂੰ ਸਿਨੇਮਾ ਘਰਾਂ ਵਿਚ ਪਹੁੰਚ ਕੇ ਜ਼ਰੂਰ ਦੇਖੋ। ਫਿਲਮ ਦੇ ਹੀਰੋ ਜੱਸ ਬਾਜਵਾ ਨੇ ਕਿਹਾ ਕਿ ਫਿਲਮ ਦਾ ਮੁੱਖ ਮਕਸਦ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣ ਨੂੰ ਲੈ ਕੇ ਹੈ। ਉਨ੍ਹਾਂ ਕਿਹਾ ਕਿ ਫਿਲਮ ‘ਬੀਬੀ ਰਜਨੀ’ ਬੱਚਿਆਂ ਨੂੰ ਜ਼ਰੂਰ ਦਿਖਾਉਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਨੂੰ ਵਧੀਆ ਸੇਧ ਮਿਲ ਸਕੇ। ਫਿਲਮ ਦੀ ਅਦਾਕਾਰਾ ਰੂਪੀ ਗਿੱਲ ਨੇ ਕਿਹਾ ਕਿ ਉਹ ਇਹ ਇਤਿਹਾਸਕ ਫਿਲਮ ਕਰਕੇ ਮਾਣ ਮਹਿਸੂਸ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਪ੍ਰਮਾਤਮਾ ਵਿੱਚ ਸ਼ਰਧਾ ਰੱਖਣ ਵਾਲਾ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਬੀਬੀਆਂ ਆਪ ਅਤੇ ਆਪਣੇ ਬੱਚਿਆਂ ਨੂੰ ਇਹ ਫਿਲਮ ਜ਼ਰੂਰ ਦਿਖਾਉਣ, ਜਿਸ ਨਾਲ ਵਹਿਮਾਂ ਭਰਮਾਂ ਤੋਂ ਨਿਜਾਤ ਮਿਲੇਗੀ। ਇਸ ਮੌਕੇ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ। ਫਿਲਮ ਦੀ ਪ੍ਰਮੋਸ਼ਨ ਮੌਕੇ ਗਤਕਾ ਟੀਮ ਵੱਲੋਂ ਜੌਹਰ ਦਿਖਾਏ ਗਏ। ਇਸ ਮੌਕੇ ਸਰਪੰਚ ਜਸਪ੍ਰੀਤ ਸਿੰਘ ਸੋਨੀ ਜਰਗ ਹਾਜ਼ਰ ਸੀ।