ਮੁੰਬਈ, 27 ਅਗਸਤ
ਮੁੰਬਈ ਵਿਚ ਅੱਜ ‘ਧਹੀਂ ਹਾਂਡੀ’ ਦੇ ਜਸ਼ਨਾਂ ਵਜੋਂ ਹਵਾ ਵਿਚ ਲਟਕਦੀ ਮਟਕੀ ਫੋੜਨ ਲਈ ਬਹੁ-ਮੰਜ਼ਿਲੀ ਮਨੁੱਖੀ ਪਿਰਾਮਿਡ ਬਣਾਉਣ ਮੌਕੇ ਘੱਟੋ-ਘੱਟ 106 ‘ਗੋਵਿੰਦੇ’ (ਨੌਜਵਾਨ) ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ (ਬੀਐੱਮਸੀ) ਵੱਲੋਂ ਚਲਾਦੇ ਜਾਂਦੇ ਤੇ ਨਿੱਜੀ ਹਸਪਤਾਲਾਂ ਵਿਚ ਭਰਤੀ ਕੀਤਾ ਗਿਆ ਹੈ। ਨਿਗਮ ਅਧਿਕਾਰੀ ਨੇ ਕਿਹਾ ਕਿ ਸ਼ਹਿਰ ਵਿਚ ਵੱਖ ਵੱਖ ਥਾਈਂ ਰੱਖੇ ‘ਧਹੀਂ ਹਾਂਡੀ’ ਸਮਾਗਮਾਂ ਦੌਰਾਨ ਸ਼ਾਮ ਤਿੰਨ ਵਜੇ ਤੱਕ 106 ਗੋਵਿੰਦਿਆਂ ਦੇ ਸੱਟਾਂ ਫੇਟਾਂ ਲੱਗਣ ਦੀਆਂ ਰਿਪੋਰਟਾਂ ਹਨ। ਜ਼ਖ਼ਮੀਆਂ ਵਿਚੋਂ 8 ਨੂੰ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ ਤੇ 26 ਦਾ ਓਪੀਡੀਜ਼ ਵਿਚ ਇਲਾਜ ਕੀਤਾ ਗਿਆ। ਸੱਤ ਹੋਰਨਾਂ ਨੂੰ ਇਲਾਜ ਮਗਰੋਂ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ। ਅੱਠ ਨੌਜਵਾਨਾਂ ਵਿਚੋਂ ਤਿੰਨ ਨੂੰ ਰਾਜਾਵਾੜੀ ਹਸਪਤਾਲ ਤੇ ਬਾਕੀਆਂ ਨੂੰ ਕੇਈਐੱਮ ਹਸਪਤਾਲ, ਸੇਂਟ ਜੌਰਜ ਹਸਪਤਾਲ, ਐੱਮਟੀ ਹਸਪਤਾਲ ਤੇ ਕੁਰਲਾ ਭਾਬਾ ਹਸਪਤਾਲ ਦਾਖ਼ਲ ਕੀਤਾ ਗਿਆ ਹੈ। ਮਹਿਲਾਵਾਂ ਦੇ ਕਈ ਗੋਵਿੰਦਾ ਸਮੂਹ ਵੀ ਧਹੀਂ ਹਾਂਡੀ ਫੋੜਦੇ ਨਜ਼ਰ ਆਏ। -ਪੀਟੀਆਈ
ਜਨਮਅਸ਼ਟਮੀ ਮੌਕੇ ਕੁੱਟੂ ਦੇ ਆਟੇ ਤੋਂ ਬਣਿਆ ਭੋਜਨ ਖਾਣ ਮਗਰੋਂ 120 ਵਿਅਕਤੀ ਬਿਮਾਰ
ਮਥੁਰਾ:
ਇੱਥੇ ਸ੍ਰੀ ਕ੍ਰਿਸ਼ਨ ਜਨਮਅਸ਼ਟਮੀ ’ਤੇ ਵਰਤ ਰੱਖਣ ਵਾਲੇ 120 ਤੋਂ ਵੱਧ ਵਿਅਕਤੀ ਕੁੱਟੂ ਦੇ ਆਟੇ ਤੋਂ ਬਣਿਆ ਭੋਜਨ ਖਾਣ ਤੋਂ ਬਾਅਦ ਬਿਮਾਰ ਹੋ ਗਏ ਜਿਸ ਮਗਰੋਂ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਿਲ੍ਹਾ ਖੁਰਾਕ ਵਿਭਾਗ ਦੀ ਟੀਮ ਵੱਲੋਂ ਆਟਾ ਸਪਲਾਈ ਕਰਨ ਵਾਲੇ ਦੋ ਦੁਕਾਨਦਾਰਾਂ ਦੀਆਂ ਦੁਕਾਨਾਂ ਸੀਲ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਇਹ ਘਟਨਾ ਬੀਤੀ ਰਾਤ ਮਥੁਰਾ ਜ਼ਿਲ੍ਹੇ ਦੇ ਫਰਾਹ ਥਾਣੇ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਵਿੱਚ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਪੀੜਤਾਂ ਦੀ ਹਾਲਤ ਸਥਿਰ ਹੈ। ਬਿਮਾਰ ਵਿਅਕਤੀਆਂ ਨੂੰ ਕੁੱਟੂ ਦੇ ਆਟੇ ਤੋਂ ਬਣੀਆਂ ਪੂਰੀਆਂ ਅਤੇ ਪਕੌੜੇ ਖਾਣ ਤੋਂ ਬਾਅਦ ਉਲਟੀਆਂ ਅਤੇ ਚੱਕਰ ਆਉਣ ਲੱਗੇ ਸਨ। ਸਰਕਾਰੀ ਹਸਪਤਾਲ ਵਿੱਚ ਦਾਖ਼ਲ ਪ੍ਰਿਯੰਕਾ ਨੇ ਦੱਸਿਆ, ‘‘ਅਸੀਂ ਬੀਤੀ ਰਾਤ ਕੁੱਟੂ ਦੇ ਆਟੇ ਤੋਂ ਬਣੇ ਪਕੌੜੇ ਖਾਧੇ ਸਨ। ਉਸ ਤੋਂ ਬਾਅਦ ਮੈਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਮੇਰੇ ਪੇਟ ਵਿੱਚ ਜਲਨ ਮਹਿਸੂਸ ਹੋਈ।’’ ਮਰੀਜ਼ ਦੇ ਨਾਲ ਆਏ ਪਿੰਡ ਪਰਖਮ ਦੇ ਵਸਨੀਕ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਹ ਆਟਾ ਪਿੰਡ ਦੀ ਹੀ ਦੁਕਾਨ ਤੋਂ ਖਰੀਦਿਆ ਸੀ। -ਪੀਟੀਆਈ