ਮੁੰਬਈ, 27 ਅਗਸਤ
ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਸੰਜੈ ਰਾਊਤ ਨੇ ਸਿੰਧੂਦੁਰਗ ਜ਼ਿਲ੍ਹੇ ’ਚ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਬੁੱਤ ਡਿੱਗਣ ਦੇ ਮਾਮਲੇ ’ਚ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੋਂ ਅਸਤੀਫੇ ਦੀ ਮੰਗ ਕੀਤੀ ਤੇ ਬੁੱਤ ਦੇ ਨਿਰਮਾਣ ’ਚ ਘੁਟਾਲੇ ਦਾ ਦੋਸ਼ ਲਾਇਆ। ਦੂਜੇ ਪਾਸੇ ਸੂਬੇ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਇਹ ਬੁੱਤ ਜਲ ਸੈਨਾ ਨੇ ਬਣਾਇਆ ਸੀ ਅਤੇ ਸੂਬਾ ਸਰਕਾਰ ਨੇ ਹੁਣ ਉਸੇ ਥਾਂ ’ਤੇ ਮਰਾਠਾ ਯੋਧੇ ਦਾ ਵੱਡਾ ਬੁੱਤ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ।
ਸਿੰਧੂਦੁਰਗ ਦੀ ਮਾਲਵਣ ਤਹਿਸੀਲ ’ਚ ਰਾਜਕੋਟ ਕਿਲੇ ’ਚ 17ਵੀਂ ਸਦੀ ਦੇ ਮਰਾਠਾ ਯੋਧੇ ਦਾ 35 ਫੁੱਟ ਉੱਚਾ ਬੁੱਤ ਬੀਤੇ ਦਿਨ ਡਿੱਗ ਗਿਆ ਸੀ। ਪਿਛਲੇ ਸਾਲ ਜਲ ਸੈਨਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬੁੱਤ ਦਾ ਉਦਘਾਟਨ ਕੀਤਾ ਸੀ। ਰਾਊਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਰਾਠਾ ਸਾਮਰਾਜ ਦੇ ਬਾਨੀ ਦਾ ਬੁੱਤ ਡਿੱਗਣ ਲਈ ਪ੍ਰਧਾਨ ਮੰਤਰੀ ਮੋਦੀ, ਮੁੱਖ ਮੰਤਰੀ ਸ਼ਿੰਦੇ ਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਅਜੀਤ ਪਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਦੋਸ਼ ਲਾਇਆ ਇਸ ਨੂੰ ਸਿਆਸੀ ਮਕਸਦ ਲਈ ਸਥਾਪਤ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘ਮਹਾਰਾਸ਼ਟਰ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਅਸੀਂ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕਰਦੇ ਹਾਂ। ਲੋਕ ਨਿਰਮਾਣ ਵਿਭਾਗ ਦੇ ਮੰਤਰੀ ਰਵਿੰਦਰ ਚਵਾਨ ਤੋਂ ਵਿਭਾਗ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਸ਼ਿਵਾਜੀ ਮਹਾਰਾਜ ਨੂੰ ਵੀ ਨਹੀਂ ਬਖਸ਼ਿਆ ਤੇ ਭ੍ਰਿਸ਼ਟਾਚਾਰ ’ਚ ਸ਼ਾਮਲ ਰਹੇ।’ ਇਹ ਬੁੱਤ ਡਿੱਗਣ ਦੇ ਮਾਮਲੇ ’ਚ ਸਿੰਧੂਦੁਰਗ ਜ਼ਿਲ੍ਹੇ ਦੀ ਪੁਲੀਸ ਨੇ ਠੇਕੇਦਾਰ ਤੇ ‘ਸਟ੍ਰੱਕਚਰਲ ਕੰਸਲਟੈਂਟ’ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਦੂਜੇ ਪਾਸੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨੀਸ ਨੇ ਕਿਹਾ, ‘ਬੁੱਤ ਦੇ ਨਿਰਮਾਣ ਦੀ ਦੇਖਰੇਖ ਸੂਬਾ ਸਰਕਾਰ ਨੇ ਨਹੀਂ ਬਲਕਿ ਜਲ ਸੈਨਾ ਨੇ ਕੀਤੀ ਸੀ। ਬੁੱਤ ਬਣਾਉਣ ਵਾਲੇ ਲੋਕਾਂ ਨੇ ਇੱਥੇ ਚੱਲਣ ਵਾਲੀ ਤੇਜ਼ ਹਵਾ ਤੇ ਇਸ ਲਈ ਵਰਤੇ ਗਏ ਲੋਹੇ ਦੇ ਮਿਆਰ ਨੂੰ ਨਜ਼ਰਅੰਦਾਜ਼ ਕੀਤਾ ਹੋਵੇਗਾ। ਸਮੁੰਦਰੀ ਹਵਾਵਾਂ ਕਾਰਨ ਬੁੱਤ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਵੱਧ ਹੋਵੇਗਾ।’ ਉਨ੍ਹਾਂ ਕਿਹਾ, ‘ਸਾਡਾ ਇਰਾਦਾ ਉਸੇ ਥਾਂ ’ਤੇ ਸ਼ਿਵਾਜੀ ਮਹਾਰਾਜ ਦਾ ਹੋਰ ਵੱਡਾ ਬੁੱਤ ਸਥਾਪਤ ਕਰਨ ਦਾ ਹੈ।’ ਇਸੇ ਦੌਰਾਨ ਭਾਰਤੀ ਜਲ ਸੈਨਾ ਨੇ ਸ਼ਿਵਾਜੀ ਦਾ ਬੁੱਤ ਡਿੱਗਣ ਦੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਲ ਸੈਨਾ ਨੇ ਕਿਹਾ ਕਿ ਉਸ ਨੇ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕਰਨ ਅਤੇ ਮੁਰੰਮਤ ਮਗਰੋਂ ਬੁੱਤ ਨੂੰ ਮੁੜ ਸਥਾਪਤ ਕਰਨ ਲਈ ਇੱਕ ਟੀਮ ਨਿਯੁਕਤ ਕੀਤੀ ਹੈ। -ਪੀਟੀਆਈ/ਆਈਏਐੱਨਐੱਸ