ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 27 ਅਗਸਤ
ਦਿੱਲੀ ਮੋਰਚਾ-ਦੋ ਦੀਆਂ ਦੋ ਸੌ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਪ੍ਰੋਗਰਾਮ ਦੀ ਰੋਸ਼ਨੀ ’ਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਅੱਜ ਇਲਾਕੇ ਦੇ ਅੱਧੀ ਦਰਜਨ ਪਿੰਡਾਂ ’ਚ ਲਾਮਬੰਦੀ ਮੀਟਿੰਗਾਂ ਕੀਤੀਆਂ। ਇਸ ਸਮੇਂ ਆਗੂਆਂ ਨੇ ਲੋਕਾਂ ਨੂੰ 31 ਅਗਸਤ ਦੀ ਮਹਾ ਰੈਲੀ ’ਚ ਵੱਧ ਚੜ੍ਹ ਕੇ ਸ਼ਮੂਲੀਅਤ ਲਈ ਪ੍ਰੇਰਿਆ। ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਅਗਵਾਈ ਹੇਠ ਅੱਜ ਸਵੱਦੀ ਕਲਾਂ, ਬਰਸਾਲ, ਕੁਲਾਰ, ਢੱਟ ਆਦਿ ਪਿੰਡਾਂ ’ਚ ਇਹ ਜਨਤਕ ਰੈਲੀਆਂ ਕੀਤੀਆਂ ਗਈਆਂ। ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ, ਡਾ. ਗੁਰਮੇਲ ਸਿੰਘ ਕੁਲਾਰ, ਰਣਜੀਤ ਸਿੰਘ ਗੁੜੇ, ਡਾ. ਗੁਰਮੇਲ ਸਿੰਘ ਗੁੜੇ, ਗੁਰਦੇਵ ਸਿੰਘ ਮੁੱਲਾਂਪੁਰ, ਜਰਨੈਲ ਸਿੰਘ ਮੁੱਲਾਂਪੁਰ ਨੇ ਦੱਸਿਆ ਕਿ ਨਵੇਂ ਪ੍ਰੋਗਰਾਮ ਦੀ ਸੇਧ ਮੁਤਾਬਕ ਸ਼ੰਭੂ, ਖਨੌਰੀ ਤੇ ਰਤਨਪੁਰ (ਰਾਜਸਥਾਨ) ਬਾਰਡਰਾਂ ’ਤੇ ਮੋਰਚਿਆਂ ਦੇ 200 ਰੋਜ਼ਾ ਦਿਵਸ ਮੌਕੇ ਕਿਸਾਨ, ਮਜ਼ਦੂਰ, ਨੌਜਵਾਨ ਵੀਰਾਂ ਤੇ ਬੀਬੀਆਂ ਦੀ ਭਾਰੀ ਸ਼ਮੂਲੀਅਤ ਵਾਲੀਆਂ ਮਹਾ ਰੈਲੀਆਂ 31 ਅਗਸਤ ਸ਼ਨਿਚਰਵਾਰ ਨੂੰ ਕੀਤੀਆਂ ਜਾਣਗੀਆਂ। ਇਨ੍ਹਾਂ ਮਹਾ ਰੈਲੀਆਂ ’ਚ ਦੇਸ਼ ਦੀਆਂ ਸਾਰੀਆਂ ਫ਼ਸਲਾਂ ਦੀ ਸਵਾਮੀਨਾਥਨ ਕਮਿਸ਼ਨ ਦੇ ਆਧਾਰ ’ਤੇ ਐਮਐਸਪੀ ਦੀ ਗਾਰੰਟੀ ਵਾਲਾ ਕਾਨੂੰਨ ਬਣਵਾਉਣ, ਦੇਸ਼ ਦੇ ਸਾਰੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ 13 ਲੱਖ ਕਰੋੜ ਰੁਪਏ ਦੇ ਕੁੱਲ ਕਰਜ਼ੇ ’ਤੇ ਲਕੀਰ ਮਰਵਾਉਣ, 58 ਸਾਲ ਦੀ ਉਮਰ ’ਤੇ ਹਰੇਕ ਕਿਸਾਨ ਤੇ ਮਜ਼ਦੂਰ ਨੂੰ ਦਸ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਲਗਾਉਣ ਸਮੇਤ ਕੁੱਲ 14 ਮੰਗਾਂ ਬਾਰੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਕਿਸਾਨਾਂ ਤੇ ਸਿੱਖਾਂ ਖ਼ਿਲਾਫ਼ ਗਲਤ ਬਿਆਨੀ ਕਰਨ ਦੇ ਮਾਮਲੇ ’ਤੇ ਅਦਾਕਾਰਾ ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਬਿਨਾਂ ਦੇਰੀ ਮੁਆਫ਼ੀ ਮੰਗੇ। ਉਨ੍ਹਾਂ ਕਿਹਾ ਕਿ ਭਾਜਪਾ ਕੰਗਨਾ ਰਣੌਤ ਨੂੰ ਤੁਰੰਤ ਪਾਰਟੀ ਤੋਂ ਲਾਂਭੇ ਕਰੇ। ਉਨ੍ਹਾਂ ਕੰਗਨਾ ਦੀ ਫ਼ਿਲਮ ‘ਐਮਰਜੈਂਸੀ’ ਦੇ ਬਾਈਕਾਟ ਦਾ ਸੱਦਾ ਦਿੱਤਾ। ਇਸ ਮੌਕੇ ਅਮਰੀਕ ਸਿੰਘ ਤਲਵੰਡੀ, ਗੁਰਸੇਵਕ ਸਿੰਘ ਸੋਨੀ ਸਵੱਦੀ, ਜਸਵੰਤ ਸਿੰਘ ਮਾਨ, ਬਿਕਰਮਜੀਤ ਸਿੰਘ ਗੁੜੇ, ਸਰਵਿੰਦਰ ਸਿੰਘ ਸੁਧਾਰ, ਸੁਰਜੀਤ ਸਿੰਘ ਕੁਲਾਰ ਆਦਿ ਮੌਜੂਦ ਸਨ।
ਸਿੱਖਾਂ ਦੀ ਕਿਰਦਾਰਕੁਸ਼ੀ ਦੀ ਆਲੋਚਨਾ
ਖੰਨਾ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਵਤੇਜ ਸਿੰਘ ਖੱਟੜਾ ਨੇ ਫ਼ਿਲਮ ‘ਐਮਰਜੈਂਸੀ’ ਵਿੱਚ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੇ ਜਾਣ ਦੇ ਮਾਮਲੇ ’ਤੇ ਅਦਾਕਾਰਾ ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਾਜਿਸ਼ੀ ਢੰਗ ਨਾਲ ਸਿੱਖ ਕੌਮ ਨੂੰ ਨਿਸ਼ਾਨਾ ਬਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਬਰਦਾਸ਼ਤ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਦਾ ਸਖਤ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਫ਼ਿਲਮ ਵਿਚੋਂ ਇਤਰਾਜ਼ਯੋਗ ਦ੍ਰਿਸ਼ ਕੱਟੇ ਜਾਣ। ਇਸ ਮੌਕੇ ਮੋਹਨ ਸਿੰਘ, ਸਾਬਕਾ ਸਰਪੰਚ ਕਮਿੱਕਰ ਸਿੰਘ, ਸੁਖਵਿੰਦਰ ਸਿੰਘ ਮਾਂਗਟ, ਹਰਪ੍ਰੀਤ ਸਿੰਘ, ਬਲਜੀਤ ਸਿੰਘ ਭੁੱਲਰ, ਗੁਰਮੁੱਖ ਸਿੰਘ ਮਾਂਗਟ, ਮਨਦੀਪ ਸਿੰਘ ਖਾਲਸਾ, ਜੁਝਾਰ ਸਿੰਘ ਆਦਿ ਹਾਜ਼ਰ ਸਨ।