ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀ ਅਗਸਤ ਮਹੀਨੇ ਦੀ ਇਕੱਤਰਤਾ ਇੱਥੇ ਜੈਨੇਸਜ਼ ਸੈਂਟਰ ਵਿੱਚ ਹੋਈ। ਨਾਰਥ ਆਫ ਮੈਕਨਾਈਟ ਕਮਿਊਨੀਟੀਜ਼ ਸੁਸਾਇਟੀ ਵੱਲੋਂ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਲਈ ਕਰਵਾਏ ਜਾ ਰਹੇ ਪ੍ਰੋਗਰਾਮ ਤਹਿਤ ਇਸ ਵਾਰ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਤੋਂ ਬੁਲਾਏ ਗਏ ਮਾਹਿਰ ਹਬੀਬਾ ਵੱਲੋਂ ‘ਵਧਦੀ ਉਮਰ ਨਾਲ ਭੁੱਲ ਜਾਣ ਦੀ ਅਲਾਮਤ ‘ਡੀਮੈਂਸ਼ੀਆ’ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਜ਼ਿੰਦਗੀ ਵਿੱਚ ਆਪਾਂ ਅਕਸਰ ਛੋਟੀਆਂ ਮੋਟੀਆਂ ਗੱਲਾਂ ਭੁੱਲ ਜਾਂਦੇ ਹਾਂ ਜੋ ਕਿ ਵਧਦੀ ਉਮਰ ਨਾਲ ਹੋਰ ਵਧਦਾ ਜਾਂਦਾ ਹੈ। ਇਹ ਕੋਈ ਵੱਡੀ ਗੱਲ ਨਹੀਂ, ਪਰ ਜਦੋਂ ਕਿਸੇ ਨੂੰ ਅਚਾਨਕ ਬਾਹਰ ਗਏ ਨੂੰ ਆਪਣੇ ਘਰ ਦਾ ਰਸਤਾ ਭੁੱਲ ਜਾਵੇ ਜਾਂ ਅਚਾਨਕ ਆਪਣੇ ਬੱਚਿਆਂ ਦੇ ਨਾਂ ਭੁੱਲਣ ਲੱਗ ਜਾਵੇ ਤਾਂ ਇਹ ਡਾਕਟਰ ਕੋਲ ਜਾ ਕੇ ਸਲਾਹ ਲੈਣ ਦੀ ਘੰਟੀ ਹੈ।
ਉਪਰੰਤ ਸਭਾ ਦੀ ਵਿਧੀਵਤ ਕਾਰਵਾਈ ਸਭਾ ਦੇ ਉਪ-ਪ੍ਰਧਾਨ ਗੁਰਦੀਸ਼ ਗਰੇਵਾਲ ਅਤੇ ਗੁਰਜੀਤ ਬੈਦਵਾਨ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ। ਸਭਾ ਦੀ ਕੋਆਰਡੀਨੇਟਰ ਗੁਰਚਰਨ ਥਿੰਦ ਨੇ ਰੱਖੜੀ ਅਤੇ ਭਾਰਤ ਦੇ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ। ਗੁਰਜੀਤ ਬੈਦਵਾਨ ਨੇ ਦੇਸ਼ ਵੰਡ ਦੇ ਦੁਖਾਂਤ ਨੂੰ ਸੰਬੋਧਤ ਕਵਿਤਾ ਸੁਣਾਈ। ਸੁਰਿੰਦਰ ਪਾਲ ਨੇ ਇਸੇ ਸਬੰਧ ਵਿੱਚ ‘ਪੰਦਰਾਂ ਅਗਸਤ ਆ ਗਿਆ ਨਵਾਂ ਸੁਨੇਹਾ ਲੈ ਕੇ’ ਗੀਤ ਪੇਸ਼ ਕੀਤਾ। ਸ੍ਰੀਮਤੀ ਬਾਠ ਨੇ ‘ਐ ਮੇਰੇ ਵਤਨ ਕੇ ਲੋਗੋ ਜ਼ਰਾ ਆਂਖ ਮੇਂ ਭਰ ਲੋ ਪਾਨੀ’ ਗਾਉਣਾ ਸ਼ੁਰੂ ਕੀਤਾ ਤਾਂ ਇਹ ਸਹਿਗਾਨ ਬਣ ਕਮਰੇ ਵਿੱਚ ਗੂੰਜ ਉੱਠਿਆ। ਹਰਬੰਸ ਪੇਲੀਆ, ਜਤਿੰਦਰ ਪੇਲੀਆ ਤੇ ਦਵਿੰਦਰ ਕੌਰ ਨੇ ਰਲ ਕੇ ਲੋਕ ਗੀਤ ਗਾਇਆ। ਸੁਰਿੰਦਰ ਸੰਧੂ ਨੇ ਤੀਆਂ ਦਾ ਗੀਤ ਤੇ ਸਤਵਿੰਦਰ ਫਰਵਾਹ ਨੇ ਲੋਕ ਗੀਤ ਸਾਂਝਾ ਕੀਤਾ। ਅਮਰਜੀਤ ਵਿਰਦੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਖ਼ਬਰ ਸਰੋਤ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ
ਸੰਪਰਕ: 403-402-9635