ਪੈਰਿਸ, 27 ਅਗਸਤ
ਭਾਰਤ ਨੇ ਭਲਕੇ ਬੁੱਧਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਪੈਰਾਲੰਪਿਕ ਲਈ 84 ਖਿਡਾਰੀਆਂ ਦਾ ਮਜ਼ਬੂਤ ਦਲ ਭੇਜਿਆ ਹੈ, ਜਿਸ ਤੋਂ ਰਿਕਾਰਡ ਤਗ਼ਮਿਆਂ ਦੀ ਉਮੀਦ ਕੀਤੀ ਜਾ ਰਹੀ ਹੈ। ਭਾਰਤ ਨੇ 2021 ਟੋਕੀਓ ਪੈਰਾਲੰਪਿਕ ਵਿੱਚ ਪੰਜ ਸੋਨੇ ਸਮੇਤ ਰਿਕਾਰਡ 19 ਤਗ਼ਮੇ ਜਿੱਤੇ ਸਨ ਅਤੇ ਸਮੁੱਚੀ ਦਰਜਾਬੰਦੀ ਵਿੱਚ 24ਵੇਂ ਸਥਾਨ ’ਤੇ ਰਿਹਾ ਸੀ। ਹੁਣ ਤਿੰਨ ਸਾਲਾਂ ਬਾਅਦ ਭਾਰਤ ਦਾ ਟੀਚਾ ਸੋਨ ਤਗ਼ਮਿਆਂ ਦੀ ਗਿਣਤੀ ਦੋਹਰੇ ਅੰਕਾਂ ਵਿੱਚ ਲਿਜਾਣ ਅਤੇ ਕੁੱਲ ਮਿਲਾ ਕੇ 25 ਤੋਂ ਵੱਧ ਤਗ਼ਮੇ ਜਿੱਤਣ ਦਾ ਹੈ। ਭਾਰਤੀ ਖਿਡਾਰੀਆਂ ਦੇ ਹਾਲ ਹੀ ਵਿੱਚ ਚੰਗੇ ਪ੍ਰਦਰਸ਼ਨ ਨੇ ਇਹ ਉਮੀਦਾਂ ਹੋਰ ਵਧਾ ਦਿੱਤੀਆਂ ਹਨ। ਭਾਰਤ ਇਸ ਵਾਰ 12 ਖੇਡਾਂ ਵਿੱਚ ਹਿੱਸਾ ਲੈ ਰਿਹਾ ਹੈ, ਜਦੋਂਕਿ ਟੋਕੀਓ ਵਿੱਚ 54 ਮੈਂਬਰੀ ਟੀਮ ਨੇ ਨੌਂ ਖੇਡਾਂ ਵਿੱਚ ਹਿੱਸਾ ਲਿਆ ਸੀ। ਭਾਰਤ ਨੇ ਪਿਛਲੇ ਸਾਲ ਹਾਂਗਜ਼ੂ ਏਸ਼ਿਆਈ ਪੈਰਾ ਖੇਡਾਂ ਵਿੱਚ 29 ਸੋਨੇ ਸਮੇਤ ਰਿਕਾਰਡ 111 ਤਗ਼ਮੇ ਜਿੱਤੇ ਸਨ। ਇਸ ਤੋਂ ਬਾਅਦ ਮਈ ਵਿੱਚ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਅੱਧੀ ਦਰਜਨ ਸੋਨੇ ਸਮੇਤ ਕੁੱਲ 17 ਤਗ਼ਮੇ ਜਿੱਤੇ। ਏਸ਼ਿਆਈ ਖੇਡਾਂ ਵਿੱਚ ਤਗ਼ਮੇ ਜਿੱਤਣ ਵਾਲੇ ਕਈ ਖਿਡਾਰੀ ਪੈਰਾਲੰਪਿਕ ਟੀਮ ਵਿੱਚ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਜੈਵਲਿਨ ਥ੍ਰੋਅਰ ਸੁਮਿਤ ਅੰਤਿਲ (ਐੱਫ64) ਤੇ ਰਾਈਫਲ ਨਿਸ਼ਾਨੇਬਾਜ਼ ਅਵਨੀ ਲੇਖਰਾ (10 ਮੀਟਰ ਏਅਰ ਰਾਈਫਲ ਸਟੈਂਡਿੰਗ ਐੱਸਐੱਚ1) ਵਰਗੇ ਸਿਤਾਰੇ ਵੀ ਸ਼ਾਮਲ ਹਨ। ਇਹ ਦੋਵੇਂ ਟੋਕੀਓ ’ਚ ਜਿੱਤੇ ਸੋਨ ਤਗ਼ਮੇ ਬਚਾਉਣ ਦੀ ਦੀ ਕੋਸ਼ਿਸ਼ ਕਰਨਗੇ। -ਪੀਟੀਆਈ