ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਕੋਸੋ ਹਾਲ ਵਿੱਚ ਸੁਰਿੰਦਰ ਗੀਤ ਦੀ ਪ੍ਰਧਾਨਗੀ ਵਿੱਚ ਹੋਈ। ਇਸ ਦੌਰਾਨ ਸਭਾ ਦੀ ਕਾਰਜਕਾਰਨੀ ਕਮੇਟੀ ਵਿੱਚ ਚਾਰ ਨਵੇਂ ਮੈਂਬਰਾਂ ਸ਼ਾਮਿਲ ਕੀਤੇ ਗਏ। ਇਨ੍ਹਾਂ ਵਿੱਚ ਡਾ. ਸਤਿੰਦਰ ਕੌਰ ਸੋਹੀ, ਗੁਰਪ੍ਰੀਤ ਕੌਰ, ਸੁਰਜੀਤ ਸਿੰਘ ਹੇਅਰ ਅਤੇ ਸੁਖਮੰਦਰ ਸਿੰਘ ਗਿੱਲ ਸ਼ਾਮਿਲ ਹਨ।
ਆਰੰਭ ਵਿੱਚ ਪਾਕਿਸਤਾਨ ਪੰਜਾਬ ਦੇ ਗਇਕ ਅਤੇ ਸ਼ਾਇਰ ਮੁਨੱਵਰ ਅਹਿਮਦ ਨੇ ਕਿਹਾ ਕਿ ਸਾਨੂੰ ਨਵੇਂ ਗਾਇਕਾਂ ਦੇ ਨਾਲ ਨਾਲ ਪੁਰਾਣੇ ਗਾਇਕਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਉਸ ਨੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਦੇ ਗਾਏ ਲੋਕ ਗੀਤ ਕਦੇ ਭੁਲਾਏ ਨਹੀਂ ਜਾ ਸਕਦੇ। ਉਸ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ‘ਡਾਚੀ ਵਾਲਿਆ ਮੋੜ ਮੁਹਾਰ ਵੇ’ ਦਾ ਗਾਇਨ ਕੀਤਾ। ਇਸ ਤੋਂ ਇਲਾਵਾ ਮੁਨੱਵਰ ਅਹਿਮਦ ਨੇ ਵਾਰਿਸ ਸ਼ਾਹ ਦੀ ਰਚਨਾ ‘ਹੀਰ’ ਸੁਰੀਲੇ ਢੰਗ ਨਾਲ ਸੁਣਾ ਕੇ ਵਾਹਵਾ ਖੱਟੀ।
ਸੁਖਮੰਦਰ ਸਿੰਘ ਗਿੱਲ ਨੇ ਵੀ ਆਪਣੀ ਮੌਲਿਕ ਰਚਨਾ ਤਰੰਨੁਮ ਵਿੱਚ ਪੇਸ਼ ਕੀਤੀ। ਮਨਮੋਹਣ ਸਿੰਘ ਬਾਠ ਨੇ ਡਾ. ਸੁਰਜੀਤ ਪਾਤਰ ਦੀ ਰਚਨਾ ਸੁਰੀਲੇ ਅੰਦਾਜ਼ ਵਿੱਚ ਸੁਣਾਈ। ਸਰਦੂਲ ਸਿੰਘ ਨੇ ਆਪਣੀਆਂ ਮੌਲਿਕ ਰਚਨਾਵਾਂ ਨਾਲ ਸਾਂਝ ਪਾਈ। ਉਸ ਦੀਆਂ ਛੋਟੀਆਂ ਪਰ ਸੰਵੇਦਨਸ਼ੀਲਤਾ ਨਾਲ ਭਰਪੂਰ ਰਚਨਾਵਾਂ ਨੇ ਸਰੋਤਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ। ‘ਮੇਰਾ ਪਿੰਡ’, ‘ਮੇਰੇ ਗੀਤ’, ‘ਮੇਰਾ ਘਰ’ ਤੇ ‘ਨਵਾਂ ਸਾਲ’ ਰਚਨਾਵਾਂ ਅਰਥ-ਭਰਪੂਰ ਸਨ। ਮਨਜੀਤ ਬਰਾੜ ਨੇ ਗੱਲਾਂ-ਬਾਤਾਂ ਰਾਹੀਂ ਆਪਣੇ ਵਿਚਾਰ ਪਰਗਟ ਕੀਤੇ। ਡਾ. ਸਤਿੰਦਰ ਕੌਰ ਸੋਹੀ ਨੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਤੀਆਂ ਦੇ ਤਿਉਹਾਰ ਦੀ ਗੱਲ ਕਰਦਿਆਂ ਦੱਸਿਆ ਕਿ ਕੈਲਗਰੀ ਵਿੱਚ ਜਿਸ ਤਰੀਕੇ ਨਾਲ ਤੀਆਂ ਮਨਾਈਆਂ ਜਾਂਦੀਆਂ ਹਨ, ਉਸ ਦੀ ਪ੍ਰਸੰਸਾ ਕਰਨੀ ਬਣਦੀ ਹੈ।
ਜਰਨੈਲ ਤੱਗੜ ਨੇ ਮੰਗਲ ਹਠੂਰ ਦਾ ਲਿਖਿਆ ਗੀਤ ਸੁਣਾਇਆ ਅਤੇ ਮੌਜੂਦਾ ਪਰਿਵਾਰਕ ਤੇ ਸਮਾਜਿਕ ਢਾਂਚੇ ’ਤੇ ਚਿੰਤਾਜਨਕ ਵਿਚਾਰ ਪ੍ਰਗਟਾਵਾ ਕੀਤਾ। ਤਰਲੋਚਨ ਸੈਂਬੀ ਨੇ ਪੰਦਰਾਂ ਅਗਸਤ ਬਾਰੇ ਗੀਤ ਸੁਣਾਇਆ। ਸੁਰਿੰਦਰ ਗੀਤ ਨੇ ਆਪਣੀਆਂ ਦੋ ਰਚਨਾਵਾਂ ਸੁਣਾਈਆਂ ਅਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਉਸ ਦਾ ਕਾਵਿ- ਸੰਗ੍ਰਹਿ ‘ਸ਼ਬਦ ਸੁਨੱਖੇ’ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਬੀਕਾਨੇਰ, ਰਾਜਸਥਾਨ ਵਿੱਚ ਐੱਮ.ਏ. ਪੰਜਾਬੀ ਦੇ ਸਿਲੇਬਸ ਵਿੱਚ ਦਰਜ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਇਹ ਪੁਸਤਕ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ, ਧਰਮਸ਼ਾਲਾ ਵਿੱਚ ਸਾਲ 2020 ਤੋਂ ਪੜ੍ਹਾਈ ਜਾ ਰਹੀ ਹੈ।
ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਸਟੇਜ ਦੀ ਕਾਰਵਾਈ ਨੂੰ ਗੱਲਾਂ-ਬਾਤਾਂ, ਸ਼ਿਅਰਾਂ ਅਤੇ ਮਿੰਨੀ ਕਹਾਣੀਆਂ ਨਾਲ ਰੌਚਿਕ ਬਣਾਈ ਰੱਖਿਆ। ਸਭਾ ਵਿੱਚ ਗੁਰਬਖ਼ਸ਼ ਸਿੰਘ ਗਿੱਲ, ਮਨਜੀਤ ਕੌਰ ਖਹਿਰਾ, ਅਵਤਾਰ ਕੌਰ ਤੱਗੜ ਤੇ ਬਲਜਿੰਦਰ ਕੌਰ, ਸੁਖਦੇਵ ਸਿੰਘ ਬੈਂਸ ਤੇ ਹੋਰ ਸਾਹਿਤ ਪ੍ਰੇਮੀ ਵੀ ਸ਼ਾਮਿਲ ਹੋਏ।
ਖ਼ਬਰ: ਪੰਜਾਬੀ ਸਾਹਿਤ ਸਭਾ ਕੈਲਗਰੀ