ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਅਗਸਤ
ਪੀਏਯੂ ਵੱਲੋਂ ਵਿਕਸਿਤ ਜਵੀ ਦੀ ਹਾਈਬ੍ਰਿਡ ਕਿਸਮ ਓਐੱਲ-16 ਦੇ ਵਪਾਰੀਕਰਨ ਲਈ ਆਂਧਰਾ ਪ੍ਰਦੇਸ਼ ਸਥਿਤ ਗੋਰਮੇਟ ਪੌਪਕਾਰਨਿਕਾ ਐੱਲਐੱਲਪੀ ਨਾਲ ਸਮਝੌਤੇ ’ਤੇ ਸਹੀ ਪਾਈ ਗਈ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਗੋਰਮੇਟ ਪੌਪਕਾਰਨਿਕਾ ਐੱਲਐੱਲਪੀ ਦੇ ਰਾਕੇਸ਼ ਅਰੋੜਾ ਨੇ ਆਪੋ-ਆਪਣੇ ਅਦਾਰਿਆਂ ਵੱਲੋਂ ਸਮਝੌਤੇ ਦੀਆਂ ਸ਼ਰਤਾਂ ’ਤੇ ਹਸਤਾਖ਼ਰ ਕੀਤੇ। ਇਸ ਮੌਕੇ ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਅਤੇ ਗੋਰਮੇਟ ਪੌਪਕਾਰਨਿਕਾ ਦੇ ਮੀਤ ਪ੍ਰਧਾਨ ਰਮੇਸ਼ ਚੌਧਰੀ ਵੀ ਹਾਜ਼ਰ ਸਨ। ਸੀਨੀਅਰ ਚਾਰਾ ਬਰੀਡਰ ਡਾ. ਰਾਹੁਲ ਕਪੂਰ ਨੇ ਦੱਸਿਆ ਕਿ ਇਹ 2022 ਦੌਰਾਨ ਪੰਜਾਬ ਦੇ ਸੇਂਜੂ ਖੇਤਰਾਂ ਲਈ ਵਿਕਸਤ ਅਤੇ ਜਾਰੀ ਕੀਤੀ ਗਈ ਜਵੀ ਦੀ ਦੋਗਲੀ ਕਿਸਮ ਹੈ। ਇਸ ਵਿੱਚ ਚਾਰਾ, ਅਨਾਜ ਅਤੇ ਆਟੇ ਦੀ ਗੁਣਵੱਤਾ ਵੀ ਚੰਗੀ ਹੈ। ਡਾ. ਵੀਐੱਸ ਸੋਹੂ ਮੁਖੀ, ਪਲਾਂਟ ਬਰੀਡਿੰਗ ਵਿਭਾਗ ਨੇ ਪੀਏਯੂ ਵੱਲੋਂ ਵਿਕਸਤ ਕਿਸਮਾਂ ਦੇ ਪ੍ਰਸਾਰ ਦੀ ਜ਼ਿੰਮੇਵਾਰੀ ਸਾਂਝੀ ਕਰਨ ਲਈ ਵਿਗਿਆਨੀਆਂ ਅਤੇ ਫਰਮ ਨੂੰ ਵਧਾਈ ਦਿੱਤੀ। ਟੈਕਨਾਲੋਜੀ ਮਾਰਕੀਟਿੰਗ ਅਤੇ ਆਈਪੀਆਰ ਸੈੱਲ ਦੇ ਐਸੋਸੀਏਟ ਡਾਇਰੈਕਟਰ ਡਾ. ਖੁਸ਼ਦੀਪ ਧਾਰਨੀ ਨੇ ਦੱਸਿਆ ਕਿ ’ਵਰਸਿਟੀ ਵੱਲੋਂ ਵਿਕਸਤ ਜਵੀ ਦੀਆਂ ਕਿਸਮਾਂ ਮੰਡੀਆਂ ਵਿੱਚ ਮਕਬੂਲ ਹੋ ਰਹੀਆਂ ਹਨ।