ਗੁਰਨਾਮ ਸਿੰਘ ਅਕੀਦਾ
ਪਟਿਆਲਾ, 27 ਅਗਸਤ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ 2011 ਤੋਂ 2021 ਦੌਰਾਨ ਸਫ਼ਾਈ ਸੇਵਕਾਂ ਅਤੇ ਸੁਰੱਖਿਆ ਕਰਮੀਆਂ ਦੀ ਭਰਤੀ ਵਿਜੀਲੈਂਸ ਦੀ ਰਾਡਾਰ ’ਤੇ ਆ ਗਈ ਹੈ। ਇਸ ਸਬੰਧੀ ਪਟਿਆਲਾ ਦੇ ਵਿਜੀਲੈਂਸ ਥਾਣੇ ਵਿੱਚ ਸਕਿਉਰਿਟੀ ਸੁਪਰਵਾਈਜ਼ਰ ਰੁਪਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਇਨ੍ਹਾਂ ਭਰਤੀਆਂ ’ਚ ਉੱਚ ਅਧਿਕਾਰੀਆਂ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਵਿੱਚ ਹੈ। ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਹਰਮਿੰਦਰ ਸਿੰਘ ਨੇ ਐੱਫਆਈਆਰ ’ਚ ਕਈ ਪੜਤਾਲੀਆ ਤੱਥ ਪਾਏ ਹਨ ਜਿਸ ਦੀ ਜਾਂਚ ਦੇ ਹੁਕਮ ਤਤਕਾਲੀ ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਦਿੱਤੇ ਸਨ। ਐਫਆਈਆਰ ਅਨੁਸਾਰ 2011 ਤੋਂ 2021 ਦੌਰਾਨ ਹੋਈ ਭਰਤੀ ਈ-ਟੈਂਡਰ ਅਤੇ ਮੈਨੂਅਲ ਪ੍ਰਣਾਲੀ ਦੁਆਰਾ ਠੇਕੇਦਾਰੀ ਪ੍ਰਕਿਰਿਆ ਰਾਹੀਂ ਸੁਰੱਖਿਆ ਕਰਮੀ ਅਤੇ ਸਫ਼ਾਈ ਸੇਵਕ ਰੱਖੇ ਗਏ ਸਨ ਜਿਸ ਲਈ ਕਮੇਟੀ ਬਣੀ ਸੀ। ਇਸ ਕਮੇਟੀ ਵਿੱਚ ਤਤਕਾਲੀ ਡੀਨ ਅਕਾਦਮਿਕ ਮਾਮਲੇ, ਚੇਅਰਮੈਨ, ਰਜਿਸਟਰਾਰ, ਵਿੱਤ ਅਫ਼ਸਰ, ਸਕਿਉਰਿਟੀ ਅਫ਼ਸਰ ਅਤੇ ਅਫ਼ਸਰ ਇੰਚਾਰਜ ਬਤੌਰ ਮੈਂਬਰ ਸਨ। ਕਮੇਟੀ ਵੱਲੋਂ ਸੁਝਾਉਣ ਅਨੁਸਾਰ ਵੀਸੀ ਦੇ ਹੁਕਮਾਂ ’ਤੇ 5 ਫ਼ਰਮਾਂ ਨਾਲ ਇਕਰਾਰਨਾਮਾ ਕੀਤਾ ਗਿਆ। ਇਸ ਦੌਰਾਨ ਰੁਪਿੰਦਰ ਸਿੰਘ ਸਕਿਉਰਿਟੀ ਸੁਪਰਵਾਈਜ਼ਰ ਨੇ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਤੇ ਆਪਣੇ ਘਰ ਸਫ਼ਾਈ ਕਰਨ ਵਾਲੀ ਕੁਲਦੀਪ ਕੌਰ ਦੇ ਫਾਰਮ ਵੀ ਭਰੇ ਸਨ। ਇਨ੍ਹਾਂ ਫਾਰਮਾਂ ਦੇ ਆਧਾਰ ’ਤੇ ਦੋਵਾਂ ਨੂੰ ਸੁਰੱਖਿਆ ਗਾਰਡ ਰੱਖ ਲਿਆ। ਜਾਣਕਾਰੀ ਅਨੁਸਾਰ ਸੁਰੱਖਿਆ ਸੁਪਰਵਾਈਜ਼ਰ ਰੁਪਿੰਦਰ ਸਿੰਘ ਵੱਲੋਂ ਹੀ ਰੋਜ਼ਾਨਾ ਡਿਊਟੀ ਦੇ ਰਜਿਸਟਰ ’ਤੇ ਦਸਤਖ਼ਤ ਕਰਵਾਏ ਜਾਂਦੇ ਹਨ ਅਤੇ ਜਿਸ ਦੇ ਆਧਾਰ ’ਤੇ ਤਨਖ਼ਾਹ ਬਣਦੀ ਹੈ। ਹੈਰਾਨੀਜਨਕ ਵਰਤਾਰਾ ਇੱਥੇ ਹੋਇਆ ਜਦੋਂ ਰੁਪਿੰਦਰ ਸਿੰਘ ਦਾ ਪੁੱਤਰ ਗੁਰਪ੍ਰੀਤ ਸਿੰਘ 2015 ਵਿਚ ਵਿਦੇਸ਼ ਚਲਾ ਗਿਆ ਅਤੇ ਕੁਲਦੀਪ ਕੌਰ ਡਿਊਟੀ ਤੋਂ ਕਥਿਤ ਗੈਰ-ਹਾਜ਼ਰ ਰਹਿਣ ਲੱਗੀ, ਪਰ ਇਸ ਦੇ ਬਾਵਜੂਦ ਦੋਵਾਂ ਦੀ ਤਨਖ਼ਾਹ ਇਨ੍ਹਾਂ ਦੇ ਖਾਤਿਆਂ ਵਿੱਚ ਪੈਂਦੀ ਰਹੀ ਕਿਉਂਕਿ ਰੁਪਿੰਦਰ ਸਿੰਘ ਹੀ ਰਜਿਸਟਰ ’ਤੇ ਕਥਿਤ ਜਾਅਲੀ ਦਸਤਖ਼ਤ ਕਰਦਾ ਸੀ। ਗੁਰਪ੍ਰੀਤ ਸਿੰਘ ਦੇ ਖਾਤੇ ਵਿਚ 69 ਮਹੀਨਿਆਂ ਦੀ ਤਨਖ਼ਾਹ ਸਟੇਟ ਬੈਂਕ ਦੀ ਬਰਾਂਚ ਬਹਾਦਰਗੜ੍ਹ ਵਿੱਚ 6,37,650 ਰੁਪਏ ਟਰਾਂਸਫ਼ਰ ਹੋਏ, ਜਦਕਿ ਉਸ ਦੇ ਘਰ ਦੀ ਸਫ਼ਾਈ ਸੇਵਕ ਕੁਲਦੀਪ ਕੌਰ ਦੇ ਖਾਤੇ ਵਿੱਚ 19 ਮਹੀਨੇ ਦੀ ਤਨਖ਼ਾਹ 184994 ਰੁਪਏ ਟਰਾਂਸਫ਼ਰ ਹੋਏ। ਕੁੱਲ ਰਕਮ 8,22,609 ਰੁਪਏ ਰੁਪਿੰਦਰ ਸਿੰਘ ਵੱਲੋਂ ਨਿੱਜੀ ਤੌਰ ’ਤੇ ਕਢਵਾਉਣ ’ਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।