ਪੱਤਰ ਪ੍ਰੇਰਕ
ਪਟਿਆਲਾ, 27 ਅਗਸਤ
ਇਸ ਖੇਤਰ ਵਿਚ ਝਪਟ ਮਾਰ ਕੇ ਲੋਕਾਂ ਦੇ ਮੋਬਾਈਲ ਤੇ ਗਹਿਣੇ ਖੋਹਣ ਵਾਲਾ ਗਰੋਹ ਕਾਫ਼ੀ ਸਮੇਂ ਤੋਂ ਸਰਗਰਮ ਹੈ, ਇਸ ਗਰੋਹ ਦਾ ਇਕ ਮੈਂਬਰ ਪਟਿਆਲਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ ਜਿਸ ਕੋਲੋਂ ਬਜ਼ੁਰਗ ਔਰਤ ਦੀਆਂ ਝਪਟੀਆਂ ਵਾਲੀਆਂ ਤੇ ਚੋਰੀ ਦਾ ਮੋਟਰ ਸਾਈਕਲ ਬਰਾਮਦ ਕਰ ਲਿਆ ਹੈ। ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਗੁਰਪ੍ਰਤਾਪ ਸਿੰਘ ਢਿੱਲੋਂ, ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਮੁੱਖ ਅਫ਼ਸਰ ਥਾਣਾ ਸਦਰ ਪਟਿਆਲਾ ਦੀ ਅਗਵਾਈ ਹੇਠ ਗਰੋਹ ਦੇ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਚੋਰੀ ਦਵਿੰਦਰ ਸਿੰਘ ਉਰਫ਼ ਗੰਜੂ ਤੇ ਮਸਤਾਨ ਉਰਫ਼ ਮੱਕਾ ਵਾਸੀਆਨ ਵੱਡੀਆਂ ਜਾਹਲਾਂ ਥਾਣਾ ਪਸਿਆਣਾ ਨੇ ਕੀਤੀ ਹੈ ਜਿਨ੍ਹਾਂ ਵਿਚੋਂ ਦਵਿੰਦਰ ਨੂੰ ਫੜ ਲਿਆ ਗਿਆ ਤੇ ਚੋਰੀ ਦਾ ਮੋਟਰ ਸਾਈਕਲ ਵੀ ਜ਼ਬਤ ਕੀਤਾ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਖੇਤਰ ਵਿਚ ਪੁਲੀਸ ਦੀ ਗਸ਼ਤ ਵਧਾਈ ਜਾਵੇ।
ਅੱਖਾਂ ’ਚ ਮਿਰਚਾਂ ਪਾ ਕੇ ਸੋਨੇ ਦੀਆਂ ਵਾਲੀਆਂ ਖੋਹੀਆਂ
ਸਮਾਣਾ (ਪੱਤਰ ਪ੍ਰੇਰਕ): ਕਰਹਾਲੀ-ਅਸਰਪੁਰ ਚੁਪਕੀ ਸੜਕ ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਪਤਨੀ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਲਵੀਰ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਜੋਗੀਪੁਰ ਕਰਹਾਲੀ ਤੋਂ ਅਸਰਪੁਰ ਚੁਪਕੀ ਤਕ ਆਪਣੀ ਪਤਨੀ ਗੁਰਦੇਵ ਕੌਰ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ। ਪਿੰਡ ਅਸਰਪੁਰ ਚੁਪਕੀ ਨੇੜੇ ਪਿੱਛੇ ਤੋਂ ਆਏ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾਈਆਂ ਤੇ ਉਸ ਦੀ ਪਤਨੀ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ।