ਪੱਤਰ ਪ੍ਰੇਰਕ
ਪਟਿਆਲਾ, 27 ਅਗਸਤ
ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ-ਲਲਕਾਰ) ਦੀ ਅਗਵਾਈ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਿਊ ਟੀਚਿੰਗ ਆਰਟਸ ਬਲਾਕ ਦੇ ਵਿਦਿਆਰਥੀਆਂ ਨੇ ਲੰਬੇ ਸਮੇਂ ਤੋਂ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਡੀਨ ਅਕਾਦਮਿਕ ਮਾਮਲੇ ਦੇ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ। ਡੀਨ ਅਕਾਦਮਿਕ ਮਾਮਲੇ ਦੇ ਛੁੱਟੀ ਉੱਤੇ ਹੋਣ ਕਰਕੇ ਵਿਦਿਆਰਥੀਆਂ ਨੇ ਆਪਣਾ ਮੰਗ ਪੱਤਰ ਡੀਨ ਵਿਦਿਆਰਥੀ ਭਲਾਈ ਨੂੰ ਦਿੱਤਾ ਅਤੇ ਪੰਜਾਬੀ ਯੂਨੀਵਰਸਿਟੀ ਦੀ ਅਥਾਰਿਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਵਿਦਿਆਰਥੀਆਂ ਨੇ ਕਿਹਾ ਕਿ ਲਗਪਗ ਇੱਕ ਸਾਲ ਤੋਂ ਪੀਣ ਵਾਲੇ ਪਾਣੀ ਦਾ ਨਿਊ ਆਰਟਸ ਬਲਾਕ ਵਿੱਚ ਪ੍ਰਬੰਧ ਨਹੀਂ ਹੈ, ਇਸ ਦਾ ਪ੍ਰਬੰਧ ਕੀਤਾ ਜਾਵੇ, ਕਲਾਸਾਂ ਵਿੱਚ ਟੁੱਟੀਆਂ ਖਿੜਕੀਆਂ, ਸ਼ੀਸ਼ਿਆਂ ਦੀ ਮੁਰੰਮਤ ਕੀਤੀ ਜਾਵੇ, ਸਾਰੀਆਂ ਕਲਾਸਾਂ ਵਿੱਚ ਪੱਖਿਆਂ ਦਾ ਪੁਖ਼ਤਾ ਪ੍ਰਬੰਧ ਕੀਤਾ ਜਾਵੇ, ਕਲਾਸਾਂ ਵਿਚ ਪਰਦੇ ਲਾਏ ਜਾਣ, ਡੇਢ ਸਾਲ ਤੋਂ ਟੁੱਟੀ ਹੋਈ ਰੇਲਿੰਗ ਠੀਕ ਕੀਤੀ ਜਾਵੇ, ਕਲਾਸ-ਰੂਮ ਅਤੇ ਬਾਥਰੂਮਾਂ ਦੀ ਸਹੀ ਢੰਗ ਨਾਲ਼ ਸਫ਼ਾਈ ਕੀਤੀ ਜਾਵੇ, ਰਾਤ ਸਮੇਂ ਯੂਨੀਵਰਸਿਟੀ ਵਿੱਚ ਕੁੜੀਆਂ ਲਈ ਲਾਇਬ੍ਰੇਰੀ ਤੋਂ ਹੋਸਟਲ ਤੱਕ ਚੱਲਣ ਵਾਲੀਆਂ ਬੰਦ ਕੀਤੀਆਂ ਬੱਸਾਂ ਮੁੜ ਚਾਲੂ ਕੀਤੀਆਂ ਜਾਣ, ਰਾਤੀਂ ਵਿਦਿਆਰਥੀਆਂ ਦੀ ਸੁਰੱਖਿਆ ਲਈ ਹਨੇਰੇ ਵਾਲੀਆਂ ਥਾਵਾਂ ਉੱਤੇ ਰੌਸ਼ਨੀ ਦਾ ਪੁਖ਼ਤਾ ਪ੍ਰਬੰਧ ਕੀਤਾ ਜਾਵੇ। ਡੀਨ ਵਿਦਿਆਰਥੀ ਭਲਾਈ ਨੇ ਕਿਹਾ ਕਿ ਜਲਦੀ ਹੀ ਦਿੱਕਤਾਂ ਨੂੰ ਹੱਲ ਕੀਤਾ ਜਾਵੇਗਾ। ਵਿਦਿਆਰਥੀਆਂ ਨੇ ਪ੍ਰਸ਼ਾਸਨ ਨੂੰ ਸੋਮਵਾਰ ਤੱਕ ਮਸਲਿਆਂ ਦਾ ਹੱਲ ਕਰਨ ਲਈ ਆਖਿਆ ਹੈ। ਵਿਦਿਆਰਥੀਆਂ ਨੇ ਕਿਹਾ ਕਿ ਜੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।