ਪੱਤਰ ਪ੍ਰੇਰਕ
ਰਤੀਆ, 27 ਅਗਸਤ
ਪਿੰਡ ਬੁਰਜ ਵਿੱਚ ਪਰਿਵਾਰਕ ਜ਼ਮੀਨੀ ਵਿਵਾਦ ਦੇ ਚੱਲਦੇ ਹੋਏ ਝਗੜੇ ਨੂੰ ਲੈ ਕੇ ਪੁਲੀਸ ਨੇ ਪਿੰਡ ਦੇ ਸੁਖਦੇਵ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਉਸ ਦੇ ਪਿਤਾ ਬਲਵਿੰਦਰ ਸਿੰਘ ਤੋਂ ਇਲਾਵਾ ਰਿਸ਼ਤੇਦਾਰ ਭੁਪਿੰਦਰ ਸਿੰਘ ਅਤੇ ਸਹਿਜਵੀਰ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ। ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਉਹ ਮੋਟਰਸਾਈਕਲ ਰਾਹੀਂ ਨਿੱਜੀ ਕੰਮ ਲਈ ਪਿੰਡ ਬੁਰਜ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਨ੍ਹਾਂ ਦੇ ਸਾਂਝੇ ਖੇਤ ਪੈਂਦੇ ਹਨ ਅਤੇ ਉਥੇ ਉਸ ਦੇ ਤਾਇਆ ਗੁਰਦੀਪ ਸਿੰਘ ਦੇ ਪੁੱਤਰ ਭੁਪਿੰਦਰ ਦੇ ਕੋਠੇ ਕੋਲ ਗੱਡੀ ਅਤੇ ਕੁੱਝ ਲੋਕ ਫਿਰਦੇ ਦੇਖ ਕੇ ਉਹ ਰੁਕ ਗਿਆ। ਉਨ੍ਹਾਂ ਦੱਸਿਆ ਕਿ ਉਥੇ ਉਸ ਦੇ ਪਿਤਾ ਤੋਂ ਇਲਾਵਾ ਭਤੀਜਾ ਸਹਿਜਵੀਰ ਅਤੇ ਤਾਇਆ ਦਾ ਪੁੱਤਰ ਭੁਪਿੰਦਰ ਸਿੰਘ ਹਾਜ਼ਰ ਸੀ। ਉਨ੍ਹਾਂ ਦੱਸਿਆ ਕਿ ਉਥੇ ਹੀ ਪਤਾ ਲੱਗਿਆ ਕਿ ਉਸ ਦੇ ਪਿਤਾ ਅਤੇ ਹੋਰਾਂ ਨੇ ਸਾਂਝੀ ਖੇਤ ਦੀ ਜ਼ਮੀਨ, ਜਿਸ ਦੀ ਤਸਦੀਕ ਨਹੀਂ ਹੋਈ ਹੈ, ਨੂੰ ਉਸ ਤੋਂ ਪੁੱਛੇ ਬਿਨਾਂ ਹੀ ਮੌਕੇ ’ਤੇ ਆਏ ਖਰੀਦਦਾਰਾਂ ਨੂੰ ਵੇਚ ਰਹੇ ਹਨ। ਇਸੇ ਗੱਲ ਨੂੰ ਲੈ ਕੇ ਉਨ੍ਹਾਂ ਨਾਲ ਕਿਹਾ ਸੁਣੀ ਹੋ ਗਈ ਸੀ। ਉਸ ਨੇ ਦੋਸ਼ ਲਗਾਇਆ ਕਿ ਇਸ ਦੌਰਾਨ ਉਨ੍ਹਾਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮਨ੍ਹਾਂ ਕਰਨ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਤਿੰਨਾਂ ਨੇ ਮਿਲ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਉਹ ਮੌਕੇ ਤੋਂ ਮੋਟਰਸਾਈਕਲ ’ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੁਲੀਸ ਨੇ ਜ਼ਖ਼ਮੀ ਦੇ ਬਿਆਨਾਂ ਦੇ ਅਧਾਰ ’ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।