ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਦਫ਼ਤਰ ਦੇੇ ਕਾਨਫਰੰਸ ਹਾਲ ਵਿੱਚ 12ਵੀਂ ਕਰ ਚੁੱਕੇ ਵਿਦਿਆਰਥੀਆਂ ਲਈ ਕਾਲਜਾਂ ਵਿੱਚ ਦਾਖ਼ਲੇ ਲੈਣ ਤੋਂ ਪਹਿਲਾਂ ਵਿਸ਼ੇ ਚੁਣਨ ਵਿੱਚ ਮਦਦ ਕਰਨ ਲਈ ਕਰੀਅਰ ਕਾਊਂਸਲਿੰਗ ਕੈਂਪ ਲਾਇਆ ਹੋਇਆ ਹੈ ਜਿਸ ਦੀ ਸਮਾਪਤੀ 31 ਅਗਸਤ
ਨੂੰ ਹੋਵੇਗੀ।
ਇਸ ਕੈਂਪ ਵਿੱਚ ਗੁਰੂ ਤੇਗ਼ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਤੇ ਟੈਕਨਾਲੋਜੀ, ਮਾਤਾ ਸੁੰਦਰੀ ਕਾਲਜ (ਨੇੜੇ ਆਈਟੀਓ), ਗੁਰੂ ਨਾਨਕ ਦੇਵ ਖਾਲਸਾ ਕਾਲਜ (ਦੇਵ ਨਗਰ), ਗੁਰੂ ਤੇਗ਼ ਬਹਾਦਰ ਕਾਲਜ (ਉੱਤਰੀ ਕੈਂਪਸ) ਗੁਰੂ ਤੇਗ਼ ਬਹਾਦਰ ਚੌਥੀ ਸ਼ਤਾਬਦੀ ਇੰਜੀਨੀਅਰਿੰਗ ਕਾਲਜ, ਗੁਰੂ ਹਰਿਕ੍ਰਸ਼ਨ ਆਈਟੀਆਈ (ਪ੍ਰਾਈਵੇਟ), ਕਾਮਰਸ ਕਾਲਜ ਅਤੇ ਮੈਨੇਜਮੈਂਟ ਕਾਲਜ ਦੀਆਂ ਟੀਮਾਂ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅੰਕਾਂ ਮੁਤਾਬਕ ਵਿਸ਼ਿਆਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਕੈਂਪ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਰੋਜ਼ਾਨਾ ਵਿਦਿਆਰਥੀ ਆ ਕੇ ਸਲਾਹ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਕਮੇਟੀ ਦੇ ਕਾਲਜਾਂ ਵਿੱਚ ਦਾਖ਼ਲੇ ਦਿੱਲੀ ਯੂਨੀਵਰਸਿਟੀ ਦੇ ਨਿਯਮਾਂ ਮੁਤਾਬਕ ਹੋ ਰਹੇ ਹਨ ਤੇ 31 ਅਗਸਤ ਤੱਕ ਇਹ ਜਾਰੀ ਰਹਿਣਗੇ। ਕੈਂਪ ਦਾ ਪ੍ਰਬੰਧ ਦੇਖ ਰਹੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਪੇ ਵੀ ਆਪਣੇ ਬੱਚਿਆਂ ਦੀ ਰੁਚੀ ਮੁਤਾਬਕ ਵਿਸ਼ਿਆਂ ਦੀ ਜਾਣਕਾਰੀ ਲੈ ਰਹੇ ਹਨ।