ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਗਸਤ
ਦਿੱਲੀ-ਹਰਿਆਣਾ ਹੱਦ ਨੇੜੇ ਸ਼ਹਿਰ ਖੇਤਰ ਕਾਪਾਸਹੇੜਾ ’ਚ ਸਥਿਤ ਦਿੱਲੀ ਨਗਰ ਨਿਗਮ ਦੇ ਸਕੂਲ ਵਿੱਚ ਸੈਂਕੜੇ ਵਿਦਿਆਰਥੀ ਅਰਵਿੰਦ ਕੇਜਰੀਵਾਲ ਸਰਕਾਰ ਦੀਆਂ ਵਿਸ਼ਵ ਪੱਧਰੀ ਸਿੱਖਿਆ ਸਹੂਲਤਾਂ ਦੇ ਵਿਚਕਾਰ ਖਸਤਾ ਹਾਲ ਐਮਸੀਡੀ ਸਕੂਲ ਵਿੱਚ ਪੜ੍ਹ ਰਹੇ ਹਨ। ਜਾਣਕਾਰੀ ਅਨੁਸਾਰ ਸਕੂਲ ਦੇ ਇੱਕ ਹਾਲ ਵਿੱਚ ਤਿੰਨ ਜਮਾਤਾਂ ਚੱਲ ਰਹੀਆਂ ਹਨ ਅਤੇ ਇਨ੍ਹਾਂ ਤਿੰਨਾਂ ਨੂੰ ਇੱਕ ਅਧਿਆਪਕ ਪੜ੍ਹਾ ਰਿਹਾ ਹੈ।
ਸਕੂਲ ਵਿੱਚ 1250 ਲੜਕੇ-ਲੜਕੀਆਂ ਪੜ੍ਹਦੇ ਹਨ ਪਰ 2022 ਤੋਂ ਕੋਈ ਪ੍ਰਿੰਸੀਪਲ ਨਹੀਂ ਹੈ ਅਤੇ 7 ਅਧਿਆਪਕ ਬੀਐੱਲਓ ਡਿਊਟੀ ਦੌਰਾਨ 6 ਅਧਿਆਪਕ ਲੰਬੀ ਛੁੱਟੀ ’ਤੇ ਹਨ, ਜਿਸ ਕਾਰਨ ਸਕੂਲ ਵਿੱਚ ਪੜ੍ਹਾਉਣ ਲਈ ਲੋੜੀਂਦੇ ਅਧਿਆਪਕ ਨਹੀਂ ਹਨ। ਉਨ੍ਹਾਂ ਲਈ ਕੋਈ ਵੀ ਵਾਟਰ ਕੂਲਰ ਨਹੀਂ, ਸਕੂਲ ਦੀਆਂ ਟੁੱਟੀਆਂ ਪਈਆਂ ਹਨ ਅਤੇ ਸਕੂਲ ਵਿੱਚ ਬੱਚਿਆਂ ਲਈ ਪੀਣ ਵਾਲਾ ਪਾਣੀ ਉਪਲਬਧ ਨਹੀਂ ਹੈ। ਸਕੂਲ ਦੇ ਪਖਾਨੇ ਬਹੁਤ ਹੀ ਗੰਦੇ ਹਨ ਅਤੇ ਲਗਪਗ 550 ਵਿਦਿਆਰਥਣਾਂ ਲਈ ਕੋਈ ਵੱਖਰਾ ਟਾਇਲਟ ਬਲਾਕ ਨਹੀਂ ਹੈ।
ਸਕੂਲ ਵਿੱਚ ਕਲਾਸ ਰੂਮਾਂ ਵਿੱਚ ਸਾਫ਼ ਕਾਲੇ ਬੋਰਡਾਂ ਦੀ ਘਾਟ ਹੈ। ਸਕੂਲ ਵਿੱਚ ਜ਼ਿਆਦਾਤਰ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹ ਰਹੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਸਕੂਲ ਨੂੰ ਰੰਗ ਰੋਗਨ ਵੀ ਹੋਣ ਵਾਲਾ ਹੈ ਤੇ ਸਫ਼ਾਈ ਵਿਵਸਥਾ ਵੱਲ ਇਸ ਇਲਾਕੇ ਧਿਆਨ ਨਹੀਂ ਦਿੱਤਾ ਜਾ ਰਿਹਾ। ਜ਼ਿਕਰਯੋਗ ਹੈ ਕਿ ਦਿੱਲੀ ਨਗਰ ਨਿਗਮ (ਐਮਸੀਡੀ) ਪ੍ਰਾਇਮਰੀ ਸਕੂਲਾਂ ਤੱਕ ਸਿੱਖਿਆ ਦਾ ਪ੍ਰਬੰਧ ਦੇਖਦਾ ਹੈ।
ਦਿੱਲੀ ਵਾਸੀਆਂ ਨੂੰ ਉਮੀਦ ਹੈ ਕਿ ‘ਆਪ’ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਤਬਦੀਲੀਆਂ ਲਿਆਉਣ ਦੇ ਦਾਅਵੇ ਤੇ ਵਾਅਦੇ ਕਦੇ ਤਾਂ ਇਸ ਸਕੂਲ ਉਪਰ ਲਾਗੂ ਹੋਣਗੇ।