ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 27 ਅਗਸਤ
ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕਾਂਗਰਸ ਨੇ ਕਦੇ ਵੀ ਡਾਕਟਰ ਭੀਮ ਰਾਓ ਅੰਬੇਡਕਰ ਦਾ ਸਨਮਾਨ ਨਹੀਂ ਕੀਤਾ। ਕਾਂਗਰਸ ਆਗੂ ਆਪਣੇ ਪਰਿਵਾਰਕ ਮੈਂਬਰਾਂ ਨੂੰ ਭਾਰਤ ਰਤਨ ਐਵਾਰਡ ਦਿੰਦੇ ਹਨ ਪਰ ਸੰਵਿਧਾਨ ਲਿਖਣ ਵਾਲੀ ਮਹਾਨ ਸ਼ਖਸੀਅਤ ਨੂੰ ਭਾਰਤ ਰਤਨ ਦੇਣ ਦੀ ਗੱਲ ਕਦੇ ਨਹੀਂ ਕੀਤੀ।
ਮਨੋਹਰ ਲਾਲ ਖੱਟਰ ਅੱਜ ਕੁਰੂਕਸ਼ੇਤਰ ਵਿੱਚ ਦਲਿਤ ਸਨਮਾਨ ਸਵੈ-ਅਭਿਮਾਨ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਪੱਛੜੇ ਵਰਗਾਂ ਨਾਲ ਸਬੰਧਤ ਲੋਕਾਂ ਨੇ ਇਕ ਸੁਰ ਵਿਚ ਪ੍ਰਣ ਲਿਆ ਕਿ ਉਹ ਡਾ. ਅੰਬੇਡਕਰ ਦਾ ਅਪਮਾਨ ਕਰਨ ਵਾਲੀ ਕਾਂਗਰਸ ਨੂੰ ਸੱਤਾ ਵਿੱਚ ਨਹੀਂ ਆਉਣ ਦੇਣਗੇ। ਇਸ ਦੌਰਾਨ ਉਨ੍ਹਾਂ ਕੇਂਦਰੀ ਮੰਤਰੀਆਂ ਨੂੰ ਭਰੋਸਾ ਦਿੱਤਾ ਕਿ ਸੂਬੇ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ।
ਸਮਾਗਮ ਵਿਚ ਕੇਂਦਰੀ ਊਰਜਾ ਤੇ ਸ਼ਹਿਰੀ ਮੰਤਰੀ ਮਨੋਹਰ ਲਾਲ ਖੱਟਰ ਤੋਂ ਇਲਾਵਾ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ, ਸਾਬਕਾ ਰਾਜ ਸਭਾ ਮੈਂਬਰ ਦੁਸ਼ਿਅੰਤ ਗੌਤਮ, ਸੰਸਦ ਮੈਂਬਰ ਨਵੀਨ ਜਿੰਦਲ, ਕੈਬਨਿਟ ਮੰਤਰੀ ਬਨਵਾਰੀ ਲਾਲ ਅਤੇ ਸਮਾਗਮ ਪ੍ਰਬੰਧਕ ਸੁਦੇਸ਼ ਕਟਾਰੀਆ ਤੇ ਅਸ਼ੋਕ ਤੰਵਰ ਮੌਜੂਦ ਸਨ। ਕਾਂਗਰਸ ਨੇ ਸੰਵਿਧਾਨ ਵਿਚ ਕਈ ਬਦਲਾਅ ਕੀਤੇ ਪਰ ਅੱਜ ਉਹ ਝੂਠ ਫੈਲਾ ਰਹੇ ਹਨ ਕਿ ਭਾਜਪਾ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਰਾਜ ਦੌਰਾਨ 27 ਲੱਖ ਬੀਪੀਐੱਲ ਕਾਰਡ ਸਨ ਪਰ ਹੁਣ 51 ਲੱਖ ਬੀਪੀਐਲ ਕਾਰਡ ਹਨ। ਕਾਂਗਰਸ ਨੇ ਦਲਿਤ ਸਮਾਜ ਦੇ ਲੋਕਾਂ ਨੂੰ ਨੌਕਰੀਆਂ ਨਾ ਮਿਲਣ ਦੇਣ ਤੇ ਕਈ ਪੇਪਰ ਰੱਦ ਕਰਵਾ ਦਿੱਤੇ ਪਰ ਜਦ ਭਾਜਪਾ ਸਰਕਾਰ ਬਣੀ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ। ਕੇਂਦਰੀ ਮੰਤਰੀ ਨੇ ਕਿਹਾ ਕਿ ਚੋਣਾਂ ਪਹਿਲੀ ਅਕਤੂਬਰ ਨੂੰ ਹਨ ਤੇ ਇਸ ਦੌਰਾਨ ਪੰਜ ਛੁੱਟੀਆਂ ਹਨ ਭਾਜਪਾ ਵੱਧ ਤੋਂ ਵੱਧ ਵੋਟਿੰਗ ਚਾਹੁੰਦੀ ਹੈ ਇਸ ਲਈ ਸੂਬਾ ਪ੍ਰਧਾਨ ਨੇ ਚੋਣ ਕਮਿਸ਼ਨ ਨੂੰ ਤਰੀਕ ਵਧਾਉਣ ਲਈ ਪੱਤਰ ਲਿਖਿਆ ਹੈ, ਪਰ ਕਾਂਗਰਸ ਭਰਮ ਫੈਲਾ ਰਹੀ ਹੈ ਕਿ ਭਾਜਪਾ ਹਾਰ ਦੇ ਡਰੋਂ ਅਜਿਹਾ ਕਰ
ਰਹੀ ਹੈ।
ਸਾਬਕਾ ਰਾਜ ਸਭਾ ਮੈਂਬਰ ਦੁਸ਼ਿਅੰਤ ਗੌਤਮ ਨੇ ਕਿਹਾ ਕਿ ਕਾਂਗਰਸ ਦੱਸੇ ਕਿ ਡਾ. ਭੀਮ ਰਾਓ ਅੰਬੇਡਕਰ ਨੂੰ ਭਾਰਤ ਰਤਨ ਕਿਉਂ ਨਹੀਂ ਦਿੱਤਾ ਗਿਆ।