ਪੱਤਰ ਪ੍ਰੇਰਕ
ਮਾਨਸਾ, 27 ਅਗਸਤ
ਮਾਨਸਾ ਜ਼ਿਲ੍ਹੇ ਦੇ ਪਿੰਡ ਗੰਢੂ ਕਲਾਂ ਦੇ ਕਿਸਾਨ ਗੁਰਜੀਤ ਸਿੰਘ ਪੁੱਤਰ ਲਛਮਣ ਸਿੰਘ ਅਤੇ ਲਛਮਣ ਸਿੰਘ ਪੁੱਤਰ ਕਰਨੈਲ ਸਿੰਘ ਦੀ ਜ਼ਮੀਨ ਦੀ ਨਿਲਾਮੀ ਉਸ ਵੇਲੇ ਰੁਕ ਗਈ, ਜਦੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਵੱਲੋਂ ਧਰਨਾ ਲਾਇਆ ਗਿਆ। ਜਥੇਬੰਦੀ ਵੱਲੋਂ ਨਿਲਾਮੀ ਦੇ ਵਿਰੋਧ ਦੀ ਭਿਣਕ ਪੈਣ ਕਾਰਨ ਕੋਈ ਵੀ ਸਰਕਾਰੀ ਅਧਿਕਾਰੀ ਅਤੇ ਬੈਂਕ ਪ੍ਰਬੰਧਕ ਨਿਲਾਮੀ ਕਰਨ ਨਹੀਂ ਆਇਆ, ਜਿਸ ਕਾਰਨ ਕਿਸਾਨ ਜਥੇਬੰਦੀ ਵੱਲੋਂ ਜੇਤੂ ਰੈਲੀ ਕਰਕੇ ਕਿਸੇ ਵੀ ਲੋੜਵੰਦ ਦਾ ਘਰ, ਦੁਕਾਨ, ਕਿਸਾਨ ਦੀ ਜ਼ਮੀਨ ਨਿਲਾਮ ਨਾ ਹੋਣ ਦਾ ਹੋਕਾ ਦਿੱਤਾ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਦੇਵ ਸਿੰਘ ਪਿੱਪਲੀਆਂ ਨੇ ਦੱਸਿਆ ਕਿ ਕਿਸਾਨ ਦੀ ਜ਼ਮੀਨ ਦੀ ਨਿਲਾਮੀ ਸਿਵਲ ਪ੍ਰੋਸੀਜਰ 1908 ਦੇ ਰੂਲ 64 ਮੁਤਾਬਕ ਆਰਡਰ ਨੰਬਰ 21 ਅਧੀਨ 1176170 ਰੁਪਏ ਬਦਲੇ ਕੀਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਕਿਸਾਨ ਜਥੇਬੰਦੀ ਦੇ ਵਿਰੋਧ ਕਾਰਨ ਕੋਈ ਵੀ ਅਧਿਕਾਰੀ ਬੋਲੀ ਕਰਨ ਨਹੀਂ ਆਇਆ।