ਨਗਰ ਨਿਗਮ ਦੇ ਨਾਕਸ ਪ੍ਰਬੰਧਾਂ ਦੀ ਪੋਲ ਖੁੱਲ੍ਹੀ
ਮਨੋਜ ਸ਼ਰਮਾ
ਬਠਿੰਡਾ, 27 ਅਗਸਤ
ਸੋਮਵਾਰ ਦੀ ਜਨਮ ਅਸ਼ਟਮੀ ਵਾਲੀ ਰਾਤ ਅਤੇ ਮੰਗਲਵਾਰ ਸਵੇਰ ਅਤੇ ਦੁਪਹਿਰ ਵੇਲੇ ਪਏ ਮੀਂਹ ਨੇ ਨਗਰ ਨਿਗਮ ਬਠਿੰਡਾ ਦੇ ਸ਼ਹਿਰ ’ਚ ਕੀਤੇ ਨਾਕਸ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਮੀਂਹ ਨਾਲ ਸ਼ਹਿਰ ਦੇ ਦਰਜਨਾਂ ਮੁਹੱਲੇ ਝੀਲ ਦਾ ਰੂਪ ਧਾਰਨ ਕਰ ਗਏ, ਜਿਸ ਵਿੱਚ ਪਾਵਰ ਹਾਊਸ ਰੋਡ, ਸਿਵਲ ਸਟੇਸ਼ਨ, ਨਵੀਂ ਬਸਤੀ, ਮਾਲਵੀਆ ਨਗਰ, ਜੀਟੀ ਰੋਡ, ਮਾਡਲ ਟਾਊਨ ਸਮੇਤ ਡੀਸੀ ਅਤੇ ਐੱਸਐੱਸਪੀ ਦੀਆਂ ਕੋਠੀਆਂ ਵਾਲਾ ਵੀਆਈਪੀ ਖੇਤਰ ਵੀ ਸ਼ਾਮਲ ਹੈ। ਮੀਂਹ ਦੌਰਾਨ ਦੋ ਪਹੀਆ ਵਾਹਨ ਚਾਲਕ ਪਾਣੀ ਵਿੱਚ ਫਸੇ ਨਜ਼ਰ ਆਏ। ਯੂਨੀਵਰਸਿਟੀ ਦੇ ਖ਼ੇਤਰੀ ਖ਼ੋਜ ਕੇੰਦਰ ਤੋਂ ਮਿਲੀ ਮੌਸਮ ਰਿਪੋਰਟ ਮੁਤਾਬਕ ਬਠਿੰਡਾ ਵਿੱਚ ਘੱਟ ਤੋਂ ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਮੀਂਹ 29.4 ਐੱਮਐੱਮ ਦਰਜ ਕੀਤਾ ਗਿਆ। ਸੋਮਵਾਰ ਨੂੰ ਸ਼ਹਿਰ ਦੇ ਵਿਚਲੇ ਖੇਤਰਾਂ ਨੂੰ ਛੱਡ ਕੇ ਬਾਹਰੀ ਖੇਤਰਾਂ ਵਿੱਚ ਬਰਸਾਤ ਹਲਕੀ ਅਤੇ ਦਰਮਿਆਨੀ ਰਹੀ। ਗੌਰਤਲਬ ਹੈ ਕਿ ਨਗਰ ਨਿਗਮ ਬਠਿੰਡਾ ਵੱਲੋਂ ਹਰ ਸਾਲ ਮੀਂਹ ਦੇ ਪਾਣੀ ਦੇ ਹੱਲ ਲਈ ਕਰੋੜਾਂ ਦਾ ਬਜਟ ਰੱਖਿਆ ਜਾਂਦਾ ਹੈ ਪਰ ਸੀਵਰੇਜ ਅਤੇ ਰੋਡ ਜਾਲੀਆਂ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਬਠਿੰਡਾ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨ ਪੈਂਦਾ ਹੈ। ਬਠਿੰਡਾ ਦੇ ਨਗਰ ਨਿਗਮ ਦੇ ਜਰਨਲ ਹਾਊਸ ਦੀਆਂ ਮੀਟਿੰਗਾਂ ਦੌਰਾਨ ਸ਼ਹਿਰ ਵਿਚਲੇ ਸੀਵਰੇਜ ਵਿਚਲੇ ਨਾਕਸ ਪ੍ਰਬੰਧਾਂ ਦਾ ਮੁੱਦਾ ਮੁੱਦਾ ਵਾਰ-ਵਾਰ ਗੂੰਜਦਾ ਰਿਹਾ ਹੈ। ਇਸ ਸਬੰਧੀ ਸ਼ਹਿਰ ਵਾਸੀਆਂ ਦਾ ਕਹਿਣਾ ਸ਼ਹਿਰ ਦਾ ਸੀਵਰੇਜ ਪ੍ਰਬੰਧ ਜਾਮ ਹੋ ਚੁੱਕਾ ਹੈ। ਲੋਕਾਂ ਨੇ ਕਿਹਾ ਸ਼ਹਿਰ ਦੇ ਸਲੱਮ ਖੇਤਰ ਲਈ ਨਵੇਂ ਪ੍ਰਾਜੈਕਟ ਦੀ ਲੋੜ ਹੈ।
ਸ਼ਹਿਣਾ (ਪੱਤਰ ਪ੍ਰੇਰਕ): ਸ਼ਹਿਣਾ ਇਲਾਕੇ ’ਚ ਅੱਜ ਪਏ ਮੀਂਹ ਨੇ ਮੌਸਮ ਦਾ ਮਿਜਾਜ਼ ਬਦਲ ਕੇ ਰੱਖ ਦਿੱਤਾ। ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉੱਥੇ ਹੀ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਲਿਆਂਦੀ ਹੈ। ਗਰਮੀ ਕਾਰਨ ਕਿਸਾਨ ਨੂੰ ਖੇਤਾਂ ’ਚ ਕੰਮ ਕਰਨ ’ਚ ਕਠਿਨਾਈ ਪੇਸ਼ ਆ ਰਹੀ ਸੀ। ਖੇਤੀ ਸੈਕਟਰ ਲਈ ਇਹ ਮੀਂਹ ਬੇਹੱਦ ਲਾਹੇਵੰਦ ਹੈ।
ਛੱਪੜ ਓਵਰਫਲੋਅ ਹੋਣ ਕਾਰਨ ਪਿੰਡ ਦੀਆਂ ਗਲੀਆਂ ’ਚ ਪਾਣੀ ਭਰਿਆ
ਭੁੱਚੋ ਮੰਡੀ (ਪਵਨ ਗੋਇਲ): ਇਲਾਕੇ ਵਿੱਚ ਅੱਜ ਬਾਅਦ ਦੁਪਹਿਰ ਅਤੇ ਬੀਤੀ ਰਾਤ ਕਰੀਬ ਦਸ ਵਜੇ ਭਰਵਾਂ ਮੀਂਹ ਪਿਆ। ਇਸ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ। ਇਸ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਪਾਣੀ ਨਾਲ ਭਰ ਗਈਆਂ। ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਪਿੰਡ ਚੱਕ ਫ਼ਤਹਿ ਸਿੰਘ ਵਾਲਾ ਦਾ ਮੁੱਖ ਛੱਪੜ ਓਵਰਫਲੋਅ ਹੋ ਜਾਣ ਕਾਰਨ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਚੱਕ ਫ਼ਤਹਿ ਸਿੰਘ ਵਾਲਾ ਦੇ ਕਿਸਾਨ ਆਗੂ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਆਰਓ ਵਾਲੀ ਗਲੀ ਅਤੇ ਹੋਰਾਂ ਗਲੀਆਂ ਸਮੇਤ ਘਰਾਂ ਵਿੱਚ ਕਾਫੀ ਪਾਣੀ ਭਰ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਹਰ ਸਾਲ ਆਉਂਦੀ ਹੈ, ਪਰ ਪ੍ਰਸ਼ਾਸਨ ਨੇ ਇਸ ਦਾ ਕੋਈ ਪੱਕਾ ਹੱਲ ਨਹੀਂ ਕੀਤਾ। ਪਿੰਡ ਦੇ ਪਾਣੀ ਦੀ ਨਿਕਾਸੀ ਦਾ ਕੋਈ ਠੋਸ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਤ ਤੇਜ਼ ਹਵਾ ਅਤੇ ਜ਼ਿਆਦਾ ਮੀਂਹ ਕਾਰਨ ਨਰਮੇ ਦੀ ਫਸਲ ਫਲ ਅਤੇ ਫੁੱਲਾਂ ਦਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਝੋਨੇ ਲਈ ਇਹ ਮੀਂਹ ਫਾਇਦੇਮੰਦ ਹੈ।