ਗੜ੍ਹਸ਼ੰਕਰ: ਜੇਸੀਟੀ ਪੰਜਾਬ ਸਟੇਟ ਸੁਪਰ ਫੁਟਬਾਲ ਲੀਗ ਦਾ ਮੈਚ ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਦੇ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਸਟੇਡੀਅਮ ’ਚ ਕਰਵਾਇਆ ਗਿਆ। ਨਾਮਧਾਰੀ ਫੁਟਬਾਲ ਅਕੈਡਮੀ ਭੈਣੀ ਸਾਹਿਬ ਅਤੇ ਉਲੰਪੀਅਨ ਜਰਨੈਲ ਸਿੰਘ ਫੁਟਬਾਲ ਕਲੱਬ ਗੜ੍ਹਸ਼ੰਕਰ ਵਿਚਾਲੇ ਹੋਏ ਮੈਚ ’ਚ ਨਾਮਧਾਰੀ ਅਕੈਡਮੀ 4-3 ਗੋਲਾਂ ਦੇ ਫਰਕ ਨਾਲ ਜੇਤੂ ਰਹੀ। ਮੁੱਖ ਮਹਿਮਾਨ ਡੀਐੱਸਪੀ ਗੜ੍ਹਸ਼ੰਕਰ ਪਰਮਿੰਦਰ ਸਿੰਘ ਮੰਡ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਵਿਸ਼ੇਸ਼ ਮਹਿਮਾਨ ਹਰਜਿੰਦਰ ਸਿੰਘ ਜੱਗਾ ਸੈਕਟਰੀ ਪੰਜਾਬ ਫੁੱਟਬਾਲ ਐਸੋਸੀਏਸ਼ਨ ਨੇ ਫੁਟਬਾਲ ਲੀਗ ਲਈ ਜੇਸੀਟੀ ਅਤੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਕਮੇਟੀ ਵੱਲੋਂ ਫੁੱਟਬਾਲ ਦੇ ਪਸਾਰ ਲਈ ਕੀਤੇ ਕਾਰਜਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਡਾ. ਹਰਵਿੰਦਰ ਸਿੰਘ ਬਾਠ ਤੇ ਪਤਵੰਤੇ ਹਾਜ਼ਰ ਸਨ। -ਪੱਤਰ ਪ੍ਰੇਰਕ