ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਅਗਸਤ
ਅੱਜ ਤੜਕੇ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਮੀਂਹ ਪਿਆ। ਇਸ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਣੀ ਭਰਨ ਦੀਆਂ ਘਟਨਾਵਾਂ ਦੀ ਰਿਪੋਰਟ ਕੀਤੀ ਗਈ ਹੈ। ਐੱਨਸੀਆਰ ਦੇ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ, ਗਾਜ਼ੀਆਬਾਦ, ਨੋਇਡਾ, ਗ੍ਰੇਟਰ ਨੋਇਡਾ ਵਿੱਚ ਸੜਕਾਂ ਉਪਰ ਪਾਣੀ ਭਰ ਗਿਆ। ਦਿੱਲੀ ਗੇਟ, ਚਾਣਕੀਆਪੁਰੀ, ਮਹਿਰੌਲੀ-ਗੁਰੂਗ੍ਰਾਮ ਦੇ ਇਲਾਕਿਆਂ ਵਿੱਚ, ਆਸ਼ਰਮ, ਭੋਗਲ ਵਿੱਚ ਥਾਂ ਥਾਂ ਪਾਣੀ ਭਰਿਆ। ਅਧਿਕਾਰੀਆਂ ਅਨੁਸਾਰ ਦਿੱਲੀ ਵਿੱਚ ਪਿਛਲੇ 14 ਸਾਲਾਂ ਵਿੱਚ ਅਗਸਤ ਵਿੱਚ ਸਭ ਤੋਂ ਵੱਧ ਬਾਰਸ਼ ਦੇ ਦਿਨ ਹੋਏ ਹਨ। ਮੌਸਮ ਦੇ ਅੰਕੜਿਆਂ ਅਨੁਸਾਰ 2012 ਵਿੱਚ ਸਭ ਤੋਂ ਵੱਧ 22 ਬਰਸਾਤੀ ਦਿਨ ਦਰਜ ਕੀਤੇ ਗਏ ਸਨ। ਇਸ ਤੋਂ ਬਾਅਦ 2011 ਵਿੱਚ 20 ਦਿਨ ਦਰਜ ਕੀਤੇ ਗਏ ਸਨ। ਇਸ ਮਹੀਨੇ ਦੇ ਹਾਲੇ ਤਿੰਨ ਦਿਨ ਹੋਰ ਹਨ। ਇਹ ਅਗਸਤ ਸ਼ਹਿਰ ਲਈ ਰਿਕਾਰਡ ‘ਤੇ ਸਭ ਤੋਂ ਗਿੱਲੇ ਮਹੀਨਿਆਂ ਵਿੱਚੋਂ ਇੱਕ ਹੈ। ਦਿੱਲੀ ਵਿੱਚ 291.6 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਜੋ ਕਿ ਹੁਣ ਤੱਕ ਪਿਛਲੇ ਦਹਾਕੇ ਵਿੱਚ ਸਭ ਤੋਂ ਵੱਧ ਹੈ। 12 ਸਾਲਾਂ ਮਗਰੋਂ ਰਿਕਾਰਡ ਟੁੱਟ ਰਿਹਾ ਹੈ। ਭਲਕੇ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ