ਪੱਤਰ ਪ੍ਰੇਰਕ
ਪਟਿਆਲਾ, 28 ਅਗਸਤ
ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਜੰਗਲਾਤ ਵਿਭਾਗ ਦਫ਼ਤਰ ਅੱਗੇ ਮੁਜ਼ਾਹਰਾ ਕਰਕੇ ਸੜਕਾਂ ਕਿਨਾਰੇ ਖੜ੍ਹੇ ਸੁੱਕੇ ਦਰੱਖ਼ਤਾਂ ਦੇ ਮਾਮਲੇ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਂਦਾ। ਪ੍ਰਦਰਸ਼ਨ ਦੌਰਾਨ ਪਰਮਜੀਤ ਸਿੰਘ ਸਹੌਲੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਕਈ ਵਾਰ ਸੀਨੀਅਰ ਅਧਿਕਾਰੀਆਂ ਤੱਕ ਆਵਾਜ਼ ਪਹੁੰਚਾਈ ਗਈ, ਪਰ ਮਾਮਲਾ ਅਜੇ ਵੀ ਉਥੇ ਹੀ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਸੜਕ ਕਿਨਾਰੇ ਖੜ੍ਹੇ ਸੁੱਕੇ ਦਰੱਖ਼ਤ ਜਦੋਂ ਮੀਂਹ ਹਨੇਰੀ ਦੌਰਾਨ ਡਿੱਗਦੇ ਹਨ ਤਾਂ ਕਈ ਹਾਦਸੇ ਵਾਪਰ ਚੁੱਕੇ ਹਨ, ਜਿਸ ਕਾਰਨ ਕਈ ਜਣਿਆਂ ਦੀ ਜਾਨ ਚੁੱਕੀ ਹੈ, ਪਰ ਵਿਭਾਗ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਪ੍ਰਧਾਨ ਸਹੌਲੀ ਨੇ ਕਿਹਾ ਕਿ ਅੱਜ ਜਿੱਥੇ ਧਰਨਾ ਪ੍ਰਦਰਸ਼ਨ ਕਰਕੇ ਮੰਗ ਪੱਤਰ ਸੌਂਪਿਆ ਗਿਆ, ਉੱਥੇ ਚਿਤਾਵਨੀ ਦਿੱਤੀ ਗਈ ਕਿ ਜੇ ਮਾਮਲਾ ਹੱਲ ਨਾ ਹੋਇਆ ਤਾਂ ਹਫ਼ਤੇ ਬਾਅਦ ਰੌਹਟੀ ਪੁਲ ਜਾਮ ਕੀਤਾ ਜਾਵੇਗਾ। ਸਹੌਲੀ ਨੇ ਕਿਹਾ ਕਿ ਰੋਹਟੀ ਦੇ ਪੁਲ ਤੋਂ ਨਾਭੇ ਸ਼ਹਿਰ ਤੱਕ ਦੋਵੇਂ ਪਾਸੇ ਮਹਿਕਮੇ ਦੇ ਨੰਬਰੀ ਦਰੱਖਤ ਗ਼ਾਇਬ ਕਰਕੇ ਪਾਰਕਾਂ ਦਾ ਨਿਰਮਾਣ ਕੀਤਾ ਗਿਆ, ਜਿਸ ਵਿਚ ਅਧਿਕਾਰੀਆਂ ਦੀ ਮਿਲੀਭੁਗਤ ਹੋ ਸਕਦੀ ਹੈ। ਇਸ ਮੌਕੇ ਹਰਬੰਸ ਸਿੰਘ ਖੱਟੜਾ, ਮੁਖ਼ਤਿਆਰ ਸਿੰਘ ਮੁਸਲਮਾਨਾਂ ਖੇੜੀ, ਬਿੱਲੂ ਸਹੌਲੀ, ਰਘਬੀਰ ਨੌਹਰਾ, ਵਿੰਦਾ ਵਿਰਕ, ਬਾਬਾ ਬੂਟਾ ਸਿੰਘ ਕੱਲਰਭੈਣੀ, ਜੱਗੀ, ਹਰਬੰਸ ਸਿੰਘ ਪੌੜੇ ਤੇ ਜਰਨੈਲ ਸਿੰਘ ਹਿਆਣਾ ਆਦਿ ਹਾਜ਼ਰ ਸਨ।