ਰਾਜਿੰਦਰ ਜੈਦਕਾ
ਅਮਰਗੜ੍ਹ, 28 ਅਗਸਤ
ਬਿਜਲੀ ਦਫ਼ਤਰ ਅਮਰਗੜ੍ਹ ਦੀ ਖ਼ਸਤਾ ਹਾਲ ਇਮਾਰਤ ਕਾਰਨ ਮੁਲਾਜ਼ਮ ਪ੍ਰੇਸ਼ਾਨ ਹਨ। ਈਐੱਨ ਰਣਜੀਤ ਕੌਰ ਨੇ ਦੱਸਿਆ ਕਿ ਪਾਵਰਕੌਮ ਦਫ਼ਤਰ ਵਿਚ ਕੰਮ ਕਰਨਾ ਬਹੁਤ ਮੁਸ਼ਕਲਾਂ ਭਰਿਆ ਹੈ। ਛੱਤ ਕਦੇ ਵੀ ਡਿੱਗ ਸਕਦੀ ਹੈ। ਹਰ ਰੋਜ਼ ਛੱਤ ਤੋਂ ਸੀਮਿੰਟ ਦੇ ਖਲੇਪੜ ਡਿੱਗ ਰਹੇ ਹਨ। ਛੱਤ ਤੋਂ ਡਿੱਗੇ ਖਲੇਪੜਾਂ ਕਾਰਨ ਪਖਾਨਾ ਭਰ ਗਿਆ ਹੈ। ਮੀਂਹ ਦੌਰਾਨ ਪਾਣੀ ਚੌਂਦਾ ਰਹਿੰਦਾ ਹੈ ਤੇ ਦਫ਼ਤਰ ਦਾ ਰਿਕਾਰਡ ਖਰਾਬ ਹੋ ਰਿਹਾ ਹੈ। ਐਮਸੀ ਸ਼ੇਰ ਸਿੰਘ ਨੇ ਕਿਹਾ ਕਿ ਬਿਜਲੀ ਬੋਰਡ ਮੁਲਾਜ਼ਮਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ। ਮਾਲੀ ਜਾਂ ਜਾਨੀ ਨੁਕਸਾਨ ਹੋਣ ਤੋਂ ਪਹਿਲਾਂ ਉਨ੍ਹਾਂ ਦਫ਼ਤਰ ਨੂੰ ਕਿਸੇ ਹੋਰ ਥਾਂ ਤਬਦੀਲ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਐੱਸਡੀਓ ਨਵਜੀਤ ਸਿੰਘ ਨੇ ਦੱਸਿਆ ਕਿ ਦਫ਼ਤਰ ਲਈ ਨਵੀਂ ਇਮਾਰਤ ਬਣਾਈ ਜਾ ਰਹੀ ਹੈ। ਠੇਕੇਦਾਰ ਨੂੰ ਵੀ ਇਮਾਰਤ ਜਲਦ ਬਣਾਉਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਮਾਰਤ ਦੀ ਖ਼ਸਤਾ ਹਾਲਤ ਲਈ ਬਹੁਤ ਸਮੇਂ ਤੋਂ ਉੱਚ ਅਧਿਕਾਰੀਆਂ ਨੂੰ ਲਿਖਿਆ ਜਾ ਰਿਹਾ ਹੈ ਤੇ ਹੁਣ ਵੀ ਉਹ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਇਹ ਮਸਲਾ ਲਿਆਉਣਗੇ।