ਪੱਤਰ ਪ੍ਰੇਰਕ
ਤਰਨ ਤਾਰਨ, 28 ਅਗਸਤ
ਜਮਹੂਰੀ ਕਿਸਾਨ ਸਭਾ ਵੱਲੋਂ ਸੂਬੇ ਅੰਦਰ ਸਹਿਕਾਰਤਾ ਵਿਭਾਗ ਦੇ ਅਦਾਰਿਆਂ ਦੀ ਹਾਲਤ ਮਾੜੀ ਹੋਣ ਖ਼ਿਲਾਫ਼ ਜ਼ਿਲ੍ਹੇ ਅੰਦਰ ਤਹਿਸੀਲ ਪੱਧਰ ’ਤੇ ਰੋਸ ਮੁਜ਼ਾਹਰੇ ਕੀਤੇ ਗਏ। ਇਸ ਸਬੰਧੀ ਮੁੱਖ ਮੰਤਰੀ ਦੇ ਨਾਂ ’ਤੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ| ਜ਼ਿਲ੍ਹਾ ਤਰਨ ਤਾਰਨ ਵਿੱਚ ਧਰਨਾਕਾਰੀਆਂ ਦੀ ਅਗਵਾਈ ਜਥੇਬੰਦੀ ਦੇ ਆਗੂ ਮੁਖਤਾਰ ਸਿੰਘ ਮੱਲ੍ਹਾ, ਪੱਟੀ ਵਿੱਚ ਦਲਜੀਤ ਸਿੰਘ ਦਿਆਲਪੁਰਾ ਅਤੇ ਖਡੂਰ ਸਾਹਿਬ ਵਿੱਚ ਝਿਲਮਿਲ ਸਿੰਘ ਬਾਣੀਆਂ ਨੇ ਕੀਤੀ|
ਇਸ ਮੌਕੇ ਤਰਨ ਤਾਰਨ ਅਤੇ ਪੱਟੀ ਵਿੱਚ ਜਥੇਬੰਦੀ ਦੇ ਆਗੂ ਪਰਗਟ ਸਿੰਘ ਜਾਮਾਰਾਏ ਅਤੇ ਦਲਜੀਤ ਸਿੰਘ ਦਿਆਲਪੁਰਾ ਨੇ ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੀ ਅਣਗਹਿਲੀ ਕਰਕੇ ਅੱਜ ਪੰਜਾਬ ਅੰਦਰ ਸਹਿਕਾਰੀ ਵਿਭਾਗ ਦੇ ਅਦਾਰੇ ਵਾਇਕੋ ਅਤੇ ਸਪਿਨਫੈੱਡ ਦਾ ਭੋਗ ਪੈ ਚੁੱਕਾ ਹੈ ਅਤੇ ਹਾਊਸਫੱੈਡ ਖਤਮ ਹੋਣ ਦੇ ਕਿਨਾਰੇ ਹੈ| ਉਨ੍ਹਾਂ ਕਿਹਾ ਕਿ ਸਹਿਕਾਰੀ ਖੇਤਰ ਦੀਆਂ ਖੰਡ ਮਿੱਲਾਂ ਤੇ ਸਪੀਨਿੰਗ ਮਿੱਲਾਂ ਆਦਿ ਪੂਰੀ ਤਰ੍ਹਾਂ ਬੰਦ ਹੋਣ ਦੇ ਨੇੜੇ ਹਨ|
ਉਨ੍ਹਾਂ ਦੋਸ਼ ਲਾਇਆ ਕਿ ਮਿਲਕਫੈੱਡ, ਵੇਰਕਾ ਦੁੱਧ ਅਤੇ ਹੋਰ ਉਤਪਾਦ ਭ੍ਰਿਸ਼ਟਾਚਾਰ ਅਤੇ ਪਹਿਲਕਦਮੀ ਦੀ ਘਾਟ ਕਾਰਨ ਆਪਣੀ ਮਾਰਕੀਟ ਗਵਾਉਂਦੇ ਜਾ ਰਹੇ ਹਨ| ਜਥੇਬੰਦੀ ਦੇ ਆਗੂਆਂ ਨੇ ਵਿਭਾਗ ਨੂੰ ਮੁੜ ਤੋਂ ਪੈਰਾਂ ’ਤੇ ਖੜ੍ਹੇ ਕਰਨ ਲਈ ਵਿਭਾਗ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ| ਇਸ ਦੌਰਾਨ ਜਥੇਬੰਦੀ ਦੇ ਆਗੂਆਂ ਬਲਦੇਵ ਸਿੰਘ ਪੰਡੋਰੀ, ਹਰਭਜਨ ਸਿੰਘ ਚੁਸਲੇਵੜ੍ਹ ਅਤੇ ਕੇਵਲ ਸਿੰਘ ਆਦਿ ਨੇ ਸੂਬੇ ਵਿੱਚੋਂ ਨਸ਼ਿਆਂ ਦਾ ਮੁਕੰਮਲ ਤੌਰ ’ਤੇ ਖਾਤਮਾ ਕਰਨ ਦੀ ਮੰਗ ਵੀ ਉਭਾਰੀ|