ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਅਗਸਤ
ਇੱਥੇ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੇਂਦਰੀ ਖ਼ਪਤਕਾਰ, ਖੁਰਾਕ ਅਤੇ ਜਨਤਕ ਵੰਡ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕਟਾਰੂਚੱਕ ਨੇ ਪੰਜਾਬ ਵਿੱਚ ਐੱਫਸੀਆਈ ਕੋਲ ਚੌਲਾਂ ਦੀ ਡਿਲਿਵਰੀ ਲਈ ਕਵਰਡ ਸਟੋਰੇਜ ਸਪੇਸ (ਭੰਡਾਰਨ ਦੀ ਜਗ੍ਹਾ) ਦੀ ਭਾਰੀ ਘਾਟ ਸਬੰਧੀ ਮੁੱਦਾ ਚੁੱਕਿਆ। ਸ੍ਰੀ ਕਟਾਰੂਚੱਕ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਸੂਬੇ ਵਿੱਚ ਚੌਲਾਂ ਦੇ ਭੰਡਾਰਨ ਲਈ ਥਾਂ ਦੀ ਭਾਰੀ ਘਾਟ ਹੈ ਅਤੇ ਪਿਛਲੇ 5 ਮਹੀਨਿਆਂ ਤੋਂ ਸੂਬੇ ਵਿੱਚੋਂ ਸਿਰਫ਼ 3-4 ਲੱਖ ਮੀਟ੍ਰਿਕ ਟਨ ਚੌਲਾਂ ਦੀ ਚੁਕਾਈ ਹੋਣ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲੀ ਅਕਤੂਬਰ ਤੋਂ ਸਾਉਣੀ ਮੰਡੀਕਰਨ ਸੀਜ਼ਨ (ਕੇਐੱਮਐੱਸ)-2024 ਸ਼ੁਰੂ ਹੋਣ ਵਾਲਾ ਹੈ, ਇਸ ਮੁੱਦੇ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਲੋੜ ਹੈ।
ਉਨ੍ਹਾਂ ਇਸ ਮੁੱਦੇ ਦਾ ਜਲਦ ਤੋਂ ਜਲਦ ਹੱਲ ਕਰਨ ’ਤੇ ਜ਼ੋਰ ਦਿੱਤਾ ਕਿਉਂਕਿ ਪੰਜਾਬ ਦੇ ਰਾਈਸ ਮਿੱਲਰਾਂ ਵਿੱਚ ਥਾਂ ਦੀ ਘਾਟ ਨਾਲ ਪੈਦਾ ਹੋਣ ਵਾਲੀ ਸਮੱਸਿਆ ਕਾਰਨ ਪਹਿਲਾਂ ਹੀ ਚਿੰਤਾ ਹੈ ਅਤੇ ਇਸ ਨਾਲ ਸੀਜ਼ਨ ਦੌਰਾਨ ਝੋਨੇ ਦੀ ਨਿਰਵਿਘਨ ਖਰੀਦ ਪ੍ਰਭਾਵਿਤ ਹੋ ਸਕਦੀ ਹੈ। ਕੇਂਦਰੀ ਮੰਤਰੀ ਨੇ ਇਸ ਸਬੰਧੀ ਐੱਫਸੀਆਈ ਨੂੰ ਨਿਰਦੇਸ਼ ਦੇਣ ਅਤੇ ਸਤੰਬਰ 2024 ਤੋਂ ਮਾਰਚ 2025 ਤੱਕ ਪੰਜਾਬ ਦੇ ਕਵਰਡ ਗੋਦਾਮਾਂ ਤੋਂ ਚੌਲਾਂ ਅਤੇ ਕਣਕ ਦੀਆਂ ਰੋਜ਼ਾਨਾ ਘੱਟੋ-ਘੱਟ 25 ਵਿਸ਼ੇਸ਼ ਰੇਲ ਗੱਡੀਆਂ ਮੰਗਵਾ ਕੇ ਮਹੀਨਾਵਾਰ ਘੱਟੋ-ਘੱਟ 20 ਲੱਖ ਮੀਟ੍ਰਿਕ ਟਨ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਸਾਉਣੀ ਮੰਡੀਕਰਨ ਸੀਜ਼ਨ 2024 ਲਈ ਚੌਲਾਂ ਦੇ ਭੰਡਾਰਨ ਲਈ ਲੋੜੀਂਦੀ ਥਾਂ ਅਤੇ ਨਿਰਵਿਘਨ ਖਰੀਦ ਸੀਜ਼ਨ ਨੂੰ ਯਕੀਨੀ ਬਣਾਇਆ ਜਾ ਸਕੇ। ਕੇਂਦਰੀ ਮੰਤਰੀ ਨੇ ਦਰਪੇਸ਼ ਮੁੱਦਿਆਂ ਦਾ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਵਿਭਾਗ, ਪੰਜਾਬ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਅਤੇ ਡਾਇਰੈਕਟਰ ਪੁਨੀਤ ਗੋਇਲ ਵੀ ਮੌਜੂਦ ਸਨ।