ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ/ਦੋਦਾ, 29 ਅਗਸਤ
ਪਿੰਡ ਭਲਾਈਆਣਾ ਵਿੱਚ ‘ਤੀਆਂ ਦਾ ਮੇਲਾ’ ਦੇ ਦੂਜੇ ਦਿਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਨੇ ਉਦਘਾਟਨ ਕੀਤਾ। ਉਨ੍ਹਾਂ ਇਸ ਮੌਕੇ ਕਿਹਾ ਕਿ ਇਸ ਤਰ੍ਹਾਂ ਦੇ ਮੌਕਿਆਂ ਨਾਲ ਜਿਥੇ ਧੀਆਂ ਨੂੰ ਆਪਣੀ ਪ੍ਰਤਿਭਾ ਦੀ ਪੇਸ਼ਕਾਰੀ ਲਈ ਇਕ ਮੰਚ ਮਿਲਿਆ ਹੈ, ਉਥੇ ਸਮਾਜ ਵਿੱਚ ਧੀਆਂ ਦਾ ਸਨਮਾਨ ਕਰਨ ਦੀ ਪਿਰਤ ਵੀ ਪਈ ਹੈ। ਇਸ ਮੌਕੇ ਐਡਵੋਕੇਟ ਅਮਨਦੀਪ ਕੌਰ, ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਰਿੰਦਰ ਸਿੰਘ ਢਿੱਲੋਂ, ਐੱਸਡੀਐੱਮ ਸੰਜੀਵ ਕੁਮਾਰ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫਸਰ ਜਗਮੋਹਨ ਸਿੰਘ ਮਾਨ ਵੀ ਮੌਜੂਦ ਸਨ। ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ। ਇਸਦੇ ਨਾਲ ਹੀ ਸੈਰ-ਸਪਾਟਾ ਵਿਭਾਗ ਵੱਲੋਂ ਸੂਬੇ ਵਿੱਚ ਵੇਖਣਯੋਗ ਥਾਵਾਂ ਦੀ ਜਾਣਕਾਰੀ ਦਿੰਦੀ ਇਕ ਪ੍ਰਦਰਸ਼ਨੀ ਲਾਈ ਗਈ। ਇਸ ਦੌਰਾਨ ਚਰਖਾ ਕੱਤਣ, ਨਾਲੇ ਬੁਣਨ, ਮਿੱਟੀ ਦੇ ਬਰਤਨ ਤੇ ਖਿਡੌਣੇ ਬਣਾਉਣ, ਚਿੱਤਕਾਰੀ, ਗਿੱਧਾ, ਭੰਗੜਾ, ਲੋਕ ਗੀਤ ਅਤੇ ਲੋਕ ਕਲਾਵਾਂ ਦੀ ਪੇਸ਼ਕਾਰੀ ਵੀ ਕੀਤੀ ਗਈ। ਜੇਤੂਆਂ ਨੂੰ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ।