ਨਿੱਜੀ ਪੱਤਰ ਪ੍ਰੇਰਕ
ਖੰਨਾ, 29 ਅਗਸਤ
ਇੱਥੇ ਸੜਕ ਹਾਦਸੇ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਜਸਕਰਨ ਸਿੰਘ (20) ਵਾਸੀ ਗੋਹ ਥਾਣਾ ਖੰਨਾ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਜਸਵੀਰ ਸਿੰਘ ਉਰਫ਼ ਜੱਸੀ ਨੇ ਦੱਸਿਆ ਕਿ ਉਸ ਦਾ ਨੌਜਵਾਨ ਪੁੱਤਰ ਕਾਰ ਲੈ ਕੇ ਸਲੌਦੀ ਪਿੰਡ ਕਿਸੇ ਨੂੰ ਛੱਡ ਕੇ ਵਾਪਸ ਪਿੰਡ ਆ ਰਿਹਾ ਸੀ, ਜਦੋਂ ਉਹ ਸਲੌਦੀ ਪਿੰਡ ਤੋਂ ਸਿੰਘ ਸ਼ਹੀਦਾਂ ਨੇੜੇ ਪੁੱਜਾ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰੱਖ਼ਤ ਵਿੱਚ ਵੱਜੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਜਸਕਰਨ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸਦਰ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਪੋਸਟਮਾਰਟਮ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਦਰ ਅਧੀਨ ਗਿੱਲ ਨਹਿਰ ਦੇ ਪੁਲ ਨੇੜੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਪਿੰਡ ਕਿਲ੍ਹਾ ਹਾਂਸ ਵਾਸੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਗੁਰਮੀਤ ਸਿੰਘ (35) ਕੰਮ ਤੋਂ ਛੁੱਟੀ ਕਰਕੇ ਮੋਟਰਸਾਈਕਲ ’ਤੇ ਘਰ ਆ ਰਿਹਾ ਸੀ ਤਾਂ ਨੇੜੇ ਗਿੱਲ ਨਹਿਰ ਪੁਲ ਕੋਲ ਰਿੰਕੂ ਵਾਸੀ ਬਾਬਾ ਦੀਪ ਸਿੰਘ ਨਗਰ ਨੇ ਆਪਣੀ ਬੋਲੈਰੋ ਪਿੱਕਅਪ ਗੱਡੀ ਤੇਜ਼ ਰਫ਼ਤਾਰੀ ਨਾਲ ਚਲਾ ਕੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਇਸ ਦੌਰਾਨ ਗੁਰਮੀਤ ਸਿੰਘ ਹੇਠਾਂ ਡਿੱਗ ਪਿਆ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।