ਦਵਿੰਦਰ ਸਿੰਘ
ਯਮੁਨਾਨਗਰ, 29 ਅਗਸਤ
ਇੱਥੇ ਪਿਆਰਾ ਚੌਕ ’ਤੇ ਇੱਕ ਪਲਾਈਵੁੱਡ ਵਪਾਰੀ ’ਤੇ ਕਾਰ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੂੰ ਪੰਚਕੂਲਾ ਦੇ ਪਾਰਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਜੈ ਹਨੂੰਮਾਨ ਪਲਾਈਵੁੱਡ ਦੇ ਮਾਲਕ ਅਤੇ ਇਸਕਾਨ ਮੰਦਰ ਨੇੜੇ ਰਹਿਣ ਵਾਲੇ ਸੰਜੇ ਗੋਇਲ ਆਪਣੀ ਪਤਨੀ ਨਾਲ ਸਵੇਰ ਦੀ ਸੈਰ ਕਰ ਰਹੇ ਸਨ। ਇਸ ਦੌਰਾਨ ਪਿੱਛੇ ਤੋਂ ਕਾਰ ਆਈ ਜੋ ਪਹਿਲਾਂ ਤਾਂ ਹੌਲੀ-ਹੌਲੀ ਜਾ ਰਹੀ ਸੀ ਪਰ ਜਿਵੇਂ ਹੀ ਕਾਰ ਸੰਜੇ ਦੇ ਨੇੜੇ ਪਹੁੰਚੀ ਤਾਂ ਕਾਰ ਡਰਾਈਵਰ ਨੇ ਰਫਤਾਰ ਵਧਾ ਦਿੱਤੀ ਅਤੇ ਉਸ ਨੂੰ ਟੱਕਰ ਮਾਰ ਕੇ ਕਾਫੀ ਦੂਰ ਲੈ ਗਈ। ਮਗਰੋਂ ਕਾਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਸੰਜੇ ਨੂੰ ਪਹਿਲਾਂ ਨਿੱਜੀ ਹਸਪਤਾਲ ਮਗਰੋਂ ਪੰਚਕੂਲਾ ਦੇ ਪਾਰਸ ਹਸਪਤਾਲ ਲਿਜਾਇਆ ਗਿਆ। ਸੰਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਯਮੁਨਾਨਗਰ ਦੇ ਵਪਾਰੀਆਂ ਨੇ ਇਸ ਮਾਮਲੇ ਨੂੰ ਲੈ ਕੇ ਥਾਣਾ ਇੰਚਾਰਜ ਜਗਦੀਸ਼ ਚੰਦਰ ਨਾਲ ਮੁਲਾਕਾਤ ਕੀਤੀ ਅਤੇ ਇਸ ਸਬੰਧੀ ਸਖਤ ਕਾਰਵਾਈ ਦੀ ਮੰਗ ਕੀਤੀ।
ਇਸ ਮਾਮਲੇ ਘਟਨਾ ਤੋਂ ਕਰੀਬ ਘੰਟਾ ਪਹਿਲਾਂ ਸੰਜੇ ਗੋਇਲ ਦੇ ਸਹੁਰੇ ਘਰ ਦੇ ਬਾਹਰ ਖੜ੍ਹੀ ਕਾਰ ਦੀ ਭੰਨਤੋੜ ਵੀ ਕੀਤੀ ਗਈ ਸੀ। ਥਾਣਾ ਇੰਚਾਰਜ ਜਗਦੀਸ਼ ਚੰਦਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਦੇ ਬਾਹਰ ਦੋ ਵਿਅਕਤੀ ਪਿਸਤੌਲ ਲੈ ਕੇ ਘੁੰਮਦੇ ਹੋਏ ਵੀ ਦਿਖਾਈ ਦਿੱਤੇ ਸਨ ਜਿਨ੍ਹਾਂ ਨੇ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ । ਇਸ ਤੋਂ ਇਲਾਵਾ ਉਨ੍ਹਾਂ ਨੇ ਮੋਟਰਸਾਈਕਲ ਵੀ ਚੋਰੀ ਕੀਤਾ। ਉਨ੍ਹਾਂ ਦੱਸਿਆ ਕਿ ਤਿੰਨ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ।