ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਅਲਾਹਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਸ਼ਮੀਮ ਅਹਿਮਦ ਦੀ ਉਹ ਅਰਜ਼ੀ ਖਾਰਜ ਕਰ ਦਿੱਤੀ, ਜਿਸ ’ਚ ਉਨ੍ਹਾਂ ਆਪਣੇ ਮਦਰਾਸ ਹਾਈ ਕੋਰਟ ’ਚ ਕੀਤੇ ਤਬਾਦਲੇ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਸੀ। ਸਿਖਰਲੀ ਅਦਾਲਤ ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਗਏ ਮਤੇ ਅਨੁਸਾਰ 21 ਅਗਸਤ 2024 ਨੂੰ ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਪ੍ਰਧਾਨਗੀ ਅਤੇ ਜਸਟਿਸ ਸੰਜੀਵ ਖੰਨਾ, ਜਸਟਿਸ ਬੀਆਰ ਗਵਈ, ਜਸਟਿਸ ਸੂਰਿਆਕਾਂਤ ਤੇ ਜਸਟਿਸ ਰਿਸ਼ੀਕੇਸ਼ ਵਾਲੇ ਕੌਲਿਜੀਅਮ ਨੇ ਜਸਟਿਸ ਅਹਿਮਦ ਦੇ ਤਬਾਦਲੇ ਦੀ ਤਜਵੀਜ਼ ਰੱਖੀ ਸੀ। ਕੌਲਿਜੀਅਮ ਨੇ ਕਿਹਾ ਕਿ ਉਨ੍ਹਾਂ ਜਸਟਿਸ ਅਹਿਮਦ ਦੀ ਅਰਜ਼ੀ ’ਤੇ ਵਿਚਾਰ ਕੀਤਾ ਪਰ ਉਨ੍ਹਾਂ ਇਸ ਵਿੱਚ ਕੋਈ ਠੋਸ ਕਾਰਨ ਨਹੀਂ ਮਿਲਿਆ। -ਪੀਟੀਆਈ