ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਅਗਸਤ
ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਸਰਕਾਰ, ਹਵਾਈ-ਜਹਾਜ਼ ਉਦਯੋਗ ਅਤੇ ਰੱਖਿਆ (ਏਅਰੋਸਪੇਸ ਐਂਡ ਡਿਫੈਂਸ) ਸੈਕਟਰ ਵਿੱਚ ਹੁਨਰ ਵਿਕਾਸ ਲਈ ਵਿਆਪਕ ਨੀਤੀ ਲੈ ਕੇ ਆਵੇਗੀ। ਉਹ ਸੈਂਟਰ ਫਾਰ ਟਰੇਨਿੰਗ ਐਂਡ ਐਂਪਲਾਇਮੈਂਟ ਆਫ ਪੰਜਾਬ ਯੂਥ (ਸੀ-ਪਾਈਟ) ਵੱਲੋਂ ਅੱਜ ਇੱਥੇ ਐਸੋਚੈਮ ਉੱਤਰੀ ਖੇਤਰ ਦੀ ਮਦਦ ਨਾਲ ‘ਏਅਰੋਸਪੇਸ ਤੇ ਡਿਫੈਂਸ ਅਤੇ ਐੱਮ.ਐੱਸ.ਐੱਮ.ਈ. ਸੈਕਟਰ ਲਈ ਹੁਨਰ ਵਿਕਾਸ’ ਵਿਸ਼ੇ ਉੱਤੇ ਕਰਵਾਏ ਗਏ ਸੰਮੇਲਨ ਨੂੰ ਸੰਬੋਧਨ ਕੀਤਾ। ਸ੍ਰੀ ਅਰੋੜਾ ਨੇ ਅਧਿਕਾਰੀਆਂ ਨੂੰ ਇਨ੍ਹਾਂ ਖੇਤਰਾਂ ਵਿੱਚ ਹੁਨਰ ਵਿਕਾਸ ਲਈ ਨੀਤੀ ਤਿਆਰ ਕਰਨ ਵਾਸਤੇ ਸਾਰੇ ਹਿੱਸੇਦਾਰਾਂ ਦਾ ਸਮੂਹ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਉਦਯੋਗਪਤੀਆਂ ਨੂੰ ਇਸ ਖੇਤਰ ਵਿੱਚ ਨਿਵੇਸ਼ ਕਰਨ ਲਈ ਸੱਦਾ ਦਿੱਤਾ।