ਮਨਧੀਰ ਦਿਓਲ
ਨਵੀਂ ਦਿੱਲੀ, 30 ਅਗਸਤ
ਉਪ ਰਾਜਪਾਲ ਵੀਕੇ ਸਕਸੈਨਾ ਨੇ ਵਿਗਿਆਨ ਭਵਨ ਵਿੱਚ ਇੱਕ ਸਮਾਗਮ ਦੌਰਾਨ ਦਿੱਲੀ ਸਰਕਾਰ ਅਤੇ ਡੀਡੀਏ ਦੇ 27 ਡਾਕਟਰਾਂ ਸਮੇਤ 627 ਨਵੇਂ ਭਰਤੀ ਕੀਤੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ। ਸਕਸੈਨਾ ਨੇ ਕਿਹਾ ਕਿ ਦਿੱਲੀ ਰਾਜ ਅਧੀਨ ਸੇਵਾਵਾਂ ਭਰਤੀ ਬੋਰਡ (ਡੀਐੱਸਐੱਸਐੱਸਬੀ) ਵੱਲੋਂ ਭਰਤੀ ਪ੍ਰਕਿਰਿਆ ਤੇਜ਼ ਕੀਤੀ ਗਈ ਹੈ ਤੇ ਦਿੱਲੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਦਿੱਲੀ ਵਿੱਚ ਵੱਡੇ ਪੱਧਰ ’ਤੇ ਅਸਾਮੀਆਂ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਰਚ 2025 ਤੱਕ ਹੋਰ 20 ਹਜ਼ਾਰ ਅਸਾਮੀਆਂ ਭਰਨ ਦੀ ਉਮੀਦ ਹੈ। ਉਪ ਰਾਜਪਾਲ ਨੇ ਨਵੇਂ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਅਸੀਂ ਸਰਕਾਰੀ ਨੌਕਰੀਆਂ ਵਿੱਚ ਐਡਹਾਕਵਾਦ ਨੂੰ ਖਤਮ ਕਰਨ ਅਤੇ ਯੋਗ ਉਮੀਦਵਾਰਾਂ ਲਈ ਮੁਫ਼ਤ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਮੌਕੇ ਪੈਦਾ ਕਰਨ ’ਤੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਜਾ ਰਹੇ ਜ਼ੋਰ ਲਈ ਵਚਨਬੱਧ ਹਾਂ।’’ ਵੀਕੇ ਸਕਸੈਨਾ ਨੇ ਐਕਸ ’ਤੇ ਇੱਕ ਹੋਰ ਪੋਸਟ ਵਿੱਚ ਕਿਹਾ, ‘‘ਪਿਛਲੇ ਦੋ ਸਾਲਾਂ ਵਿੱਚ ਡੀਐੱਸਐੱਸਐੱਸਬੀ ਵੱਲੋਂ 17,000 ਤੋਂ ਵੱਧ ਸਥਾਈ ਭਰਤੀਆਂ ਦੇ ਨਾਲ ਇਹ ਗਿਣਤੀ ਪਿਛਲੇ ਦਸ ਸਾਲਾਂ ਵਿੱਚ ਕੀਤੀਆਂ ਕੁੱਲ ਨਿਯੁਕਤੀਆਂ ਤੋਂ ਵੱਧ ਹੈ।’’ ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਨਿਯੁਕਤੀਆਂ ਦਾ ਅਧਿਕਾਰ ਉਪ ਰਾਜਪਾਲ ਕੋਲ ਹੈ। ‘ਆਪ’ ਦੀ ਦਿੱਲੀ ਸਰਕਾਰ ਵੱਲੋਂ ਦੋਸ਼ ਲਾਇਆ ਜਾਂਦਾ ਰਿਹਾ ਹੈ ਕਿ ਸੂਬੇ ਵਿੱਚ ਉਸ ਤੋਂ ਪੁੱਛ ਕੇ ਨਿਯੁਕਤੀਆਂ ਨਹੀਂ ਕੀਤੀਆਂ ਜਾਂਦੀਆਂ। ਬੀਤੇ ਦਿਨੀਂ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਸੀ ਕਿ ਸਿਹਤ ਖੇਤਰ ਵਿੱਚ ਹੀ 30 ਫ਼ੀਸਦੀ ਅਸਾਮੀਆਂ ਖਾਲੀ ਹਨ।
ਪਿਛਲੇ ਦੋ ਸਾਲਾਂ ਵਿੱਚ ਡੀਐੱਸਐੱਸਐੱਸਬੀ ਵੱਲੋਂ 17,000 ਤੋਂ ਵੱਧ ਸਥਾਈ ਭਰਤੀਆਂ ਨਾਲ ਇਹ ਗਿਣਤੀ ਪਿਛਲੇ 10 ਸਾਲਾਂ ਵਿੱਚ ਕੀਤੀਆਂ ਕੁੱਲ ਨਿਯੁਕਤੀਆਂ ਤੋਂ ਵੱਧ ਹੈ।