ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਗਸਤ
ਦਿੱਲੀ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਨਿਗਮ ਦੇ ਹੈੱਡਕੁਆਰਟਰ ਸਿਵਕ ਸੈਂਟਰ ਅੱਗੇ ਧਰਨਾ ਸ਼ੁਰੂ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਨਿਗਮ ਵਿੱਚ 2019 ਤੋਂ ਭਰਤੀ ਕੀਤੇ ਗਏ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਇਸ ਧਰਨੇ ਵਿੱਚ ਮੁਲਜ਼ਮਾਂ ਦੀਆਂ ਭਾਜਪਾ ਪੱਖੀ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਅਤੇ ਮੇਅਰ ਡਾ. ਸ਼ੈਲੀ ਓਬਰਾਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਮਸਤ ਨਿਗਮ ਮੁਲਾਜ਼ਮ ਐਸੋਸੀਏਸ਼ਨ ਦੇ ਆਗੂ ਅਮਿਤ ਕਸੇਤੀਆ ਦੀ ਅਗਵਾਈ ਹੇਠ ਇਹ ਧਰਨਾ ਜਾਰੀ ਰੱਖਿਆ ਗਿਆ।
ਵਿਰੋਧੀ ਧਿਰ ਦੇ ਕੌਂਸਲਰ ਨੇਤਾ ਰਾਜਾ ਇਕਬਾਲ ਸਿੰਘ ਨੇ ਕਿਹਾ ਨਿਗਮ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਆਮ ਆਦਮੀ ਪਾਰਟੀ ਨੇ ਪੂਰੇ ਨਹੀਂ ਕੀਤੇ ਹਨ। ਐੱਮਸੀਡੀ ਮੁਲਾਜ਼ਮਾਂ ਨਾਲ ਕੀਤੇ ਝੂਠੇ ਵਾਅਦੇ ਅੱਗੋਂ ਸਫਲ ਨਹੀਂ ਹੋਣੇ। ਧਰਨਾਕਾਰੀਆਂ ਨੇ ਕਿਹਾ ਮੁਲਜ਼ਮ ਪ੍ਰਸ਼ਾਸਨ ਹੱਥੋਂ ਤੰਗ ਹਨ।
ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸੰਘਰਸ਼ ਜਾਰੀ ਰਹੇਗਾ।