ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਅਗਸਤ
ਸਫ਼ਾਈ ਸੇਵਕ ਜਥੇਬੰਦੀਆਂ, ਵਾਲਮੀਕਿ/ਮਜ੍ਹਬੀ ਸਿੱਖ ਜਥੇਬੰਦੀਆਂ ਅਤੇ ਐਕਸ਼ਨ ਕਮੇਟੀ ਪੰਜਾਬ ਵੱਲੋਂ ਉਤਰ ਪ੍ਰਦੇਸ਼ ਦੇ ਸੰਸਦ ਮੈਂਬਰ ਚੰਦਰ ਸੇਖ਼ਰ ਖ਼ਿਲਾਫ਼ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਇਥੇ ਲਾਲ ਬੱਤੀ ਚੌਕ ਵਿੱਚ ਆਵਾਜਾਈ ਠੱਪ ਕਰ ਕੇ ਚੰਦਰ ਸ਼ੇਖਰ ਦਾ ਪੁਤਲਾ ਫ਼ੂਕਿਆ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਸੰਸਦ ਮੈਂਬਰ ਚੰਦਰ ਸੇਖ਼ਰ ਦੀ ਤਸਵੀਰ ਵੀ ਚੁੱਕੀ ਹੋਈ ਸੀ ਜਿਸ ਦੇ ਖ਼ਿਲਾਫ਼ ਪ੍ਰਦਰਸ਼ਨਕਾਰੀਆਂ ’ਚ ਭਾਰੀ ਗੁੱਸਾ ਪਾਇਆ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਸੰਸਦ ਮੈਂਬਰ ਚੰਦਰ ਸੇਖ਼ਰ ਖ਼ਿਲਾਫ਼ ਚਾਰ ਸਫ਼ਾਈ ਸੇਵਕਾਂ ਉਪਰ ਜਾਨਲੇਵਾ ਹਮਲਾ ਅਤੇ ਕੁੱਟਮਾਰ ਕਰਾਉਣ ਦਾ ਦੋਸ਼ ਲਗਾਇਆ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਚੰਦਰ ਸੇਖ਼ਰ ਤੇ ਉਸ ਦੇ ਸਾਥੀਆਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦਰਸ਼ਨ ਕਾਂਗੜਾ, ਵਿੱਕੀ ਪਰੋਚਾ, ਵਿਜੈ ਸਾਹਨੀ, ਲੈਫਟੀਨੈਂਟ ਦਰਸ਼ਨ ਸਿੰਘ, ਰਾਜਿੰਦਰ ਸਿੰਘ, ਸ਼ਕਤੀਜੀਤ, ਰਾਹੁਲ ਕਾਂਗੜਾ, ਰਮੇਸ਼ ਬਾਗੜੀ, ਅਜੈ ਬੇਦੀ, ਜੋਗੀ ਰਾਮ, ਰੋਕੀ ਰਾਣਾ, ਸੋਨੂੰ ਮਚਲ, ਹੈਪੀ ਲੰਕੇਸ਼, ਹਾਵਾ ਸਿੰਘ ਨੇ ਦੋਸ਼ ਲਾਇਆ ਕਿ ਆਪਣੇ ਮੁੱਦਿਆਂ ਨੂੰ ਲੈ ਕੇ ਸੰਸਦ ਮੈਂਬਰ ਨੂੰ ਮਿਲਣ ਪੁੱਜੇ ਸਫ਼ਾਈ ਸੇਵਕਾਂ ’ਤੇ ਚੰਦਰ ਸ਼ੇਖਰ ਦੇ ਇਸ਼ਾਰੇ ’ਤੇ ਹੀ ਉਸ ਦੀ ਪਾਰਟੀ ਦੇ ਕਾਰਕੁਨਾਂ ਨੇ ਜਾਨਲੇਵਾ ਹਮਲਾ ਕੀਤਾ ਹੈ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ।
ਸਫ਼ਾਈ ਸੇਵਕ ਯੂਨੀਅਨ ਵੱਲੋਂ ਮੁਜ਼ਾਹਰਾ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਸਫ਼ਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਪ੍ਰਧਾਨ ਹੰਸ ਰਾਜ ਦੀ ਅਗਵਾਈ ਹੇਠ ਸੰਸਦ ਮੈਂਬਰ ਚੰਦਰ ਸ਼ੇਖਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਯੂਨੀਅਨ ਨੇ ਨਗਰ ਕੌਂਸਲ ਰਾਜਪੁਰਾ ਤੋਂ ਇਕ ਰੋਸ ਰੈਲੀ ਕੱਢੀ ਜੋ ਕਿ ਟਾਹਲੀ ਵਾਲਾ ਚੋਕ ’ਤੇ ਆ ਕੇ ਸਮਾਪਤ ਹੋਈ। ਇੱਥੇ ਬੁਲਾਰਿਆਂ ਨੇ ਕਿਹਾ ਕਿ ਉਤਰ ਪ੍ਰਦੇਸ਼ ਵਿੱਚ ਭੀਮ ਆਰਮੀ ਚੀਫ਼ ਚੰਦਰ ਸ਼ੇਖਰ ਦੇ ਬੰਦਿਆਂ ਨੇ ਵਾਲਮੀਕਿ ਸਮਾਜ ਦੇ ਨੌਜਵਾਨਾ ਦੀ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ ਜਦੋਂ ਕਿ ਉਹ ਕੇਵਲ ਸੰਸਦ ਮੈਂਬਰ ਨੂੰ ਆਪਣਾ ਮੰਗ ਪੱਤਰ ਹੀ ਦੇਣ ਲਈ ਜਾ ਰਹੇ ਸਨ। ਇਸ ਉਪਰੰਤ ਚੰਦਰ ਸ਼ੇਖਰ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਸੰਜੂ ਪ੍ਰਧਾਨ, ਸੰਦੀਪ ਕੁਮਾਰ, ਰਾਜਿੰਦਰ ਕੁਮਾਰ, ਰਮਨ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।