ਪਰਸ਼ੋਤਮ ਬੱਲੀ
ਬਰਨਾਲਾ, 30 ਅਗਸਤ
ਪੰਜਾਬ ਸਟੂਡੈਂਟਸ ਯੂਨੀਅਨ ਨੇ ਸਥਾਨਕ ਕਾਂਸਟੀਚੁਐਂਟ ਯੂਨੀਵਰਸਿਟੀ ਕਾਲਜ ਵਿੱਚ ਗੈਸਟ ਫੈਕਲਟੀ ਅਧਿਆਪਕਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਕੇ ਵਾਈਸ ਚਾਂਸਲਰ ਦੇ ਨਾਂ ਮੰਗ ਪੱਤਰ ਦਿੱਤਾ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਸੁਖਦੀਪ ਹਥਨ ਨੇ ਦੱਸਿਆ ਕਿ ਇੱਥੇ ਪੰਜਾਬੀ ਯੂਨੀਵਰਸਿਟੀ ਕਾਂਸਟੀਚੁਐਂਟ ਕਾਲਜ ਵਿੱਚ ਗੈਸਟ ਫੈਕਲਟੀ ਪ੍ਰੋਫ਼ੈਸਰਾਂ ਦੀ ਹਮਾਇਤ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਵਾਈਸ ਚਾਂਸਲਰ ’ਤੇ ਨਾਂ ਮੰਗ ਪੱਤਰ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚੁਐਂਟ ਕਾਲਜਾਂ ਵਿੱਚ ਗੈਸਟ ਫੈਕਲਟੀ ਅਧਿਆਪਕ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਪਰ ਹੁਣ ਉਨ੍ਹਾਂ ਲਈ ਇੱਕ ਨਵੀਂ ਇੰਟਰਵਿਊ ਦੀ ਸਕੀਮ ਲਿਆਂਦੀ ਜਾ ਰਹੀ ਹੈ ਜਿਸ ਰਾਹੀਂ ਉਨ੍ਹਾਂ ਦੀ ਇੰਟਰਵਿਊ ਪਾਸ ਕਰਨ ਤੋਂ ਬਾਅਦ ਹੀ ਉਹ ਕਾਂਸਟੀਚੁਐਂਟ ਕਾਲਜਾਂ ਵਿੱਚ ਆਪਣੀਆਂ ਸੇਵਾਵਾਂ ਜਾਰੀ ਰੱਖ ਸਕਣਗੇ ਜਿਸ ’ਤੇ ਗੈਸਟ ਫੈਕਲਟੀ ਅਧਿਆਪਕ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਪਣੇ ਪੱਕੇ ਧਰਨੇ ਉੱਪਰ ਬੈਠੇ ਹਨ। ਉੱਪਰੋਂ ਬੀਏ ਭਾਗ ਪਹਿਲਾ ਦੇ ਵਿਦਿਆਰਥੀਆਂ ਲਈ ਵਿਸ਼ਿਆਂ ਦੀ ਗਿਣਤੀ ਵਧਾ ਕੇ 9 ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਤਿੱਖਾ ਸੰਘਰਸ਼ ਵਿੱਢੇਗੀ।