ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਅਗਸਤ
ਚੰਡੀਗੜ੍ਹ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਮ ’ਤੇ ਠੱਗੀਆਂ ਮਾਰਨ ਦੇ ਦੋਸ਼ ਹੇਠ ਦੋ ਕੇਸ ਦਰਜ ਕੀਤੇ ਹਨ। ਪਹਿਲਾ ਕੇਸ ਥਾਣਾ ਸੈਕਟਰ-34 ਦੀ ਪੁਲੀਸ ਨੇ ਦਰਜ ਕੀਤਾ ਹੈ। ਪੁਲੀਸ ਨੇ ਸ੍ਰੀ ਰਾਮ ਵਾਸੀ ਕਰਨਾਲ ਦੀ ਸ਼ਿਕਾਇਤ ’ਤੇ ਜੋਬਨ ਸੰਧੂ, ਨਵਨੀਤ ਕੌਰ ਤੇ ਹੋਰਨਾਂ ਵਿਰੁੱਧ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਮੁਲਜ਼ਮਾਂ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 11.35 ਲੱਖ ਰੁਪਏ ਲੈ ਲਏ ਪਰ ਵਿਦੇਸ਼ ਨਹੀਂ ਭੇਜਿਆ। ਇਸੇ ਤਰ੍ਹਾਂ ਥਾਣਾ ਸੈਕਟਰ-31 ਦੀ ਪੁਲੀਸ ਨੇ ਮਨੋਜ ਵਾਸੀ ਬਲਟਾਣਾ ਦੀ ਸ਼ਿਕਾਇਤ ’ਤੇ ਸ਼ੀਸ਼ਾਂਤ ਵਾਸੀ ਰਾਮਦਰਬਾਰ ਵਿਰੁੱਧ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਮੁਲਜ਼ਮ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 10 ਲੱਖ ਰੁਪਏ ਲੈ ਲਏ, ਪਰ ਬਾਅਦ ਵਿੱਚ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਰੁਪਏ ਵਾਪਸ ਕੀਤੇ। ਚੰਡੀਗੜ੍ਹ ਪੁਲੀਸ ਨੇ ਦੋਵਾਂ ਮਾਮਲਿਆਂ ਵਿੱਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।