ਕਰਮਜੀਤ ਸਿੰਘ ਚਿੱਲਾ
ਬਨੂੜ, 31 ਅਗਸਤ
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਖਜ਼ਾਨਚੀ ਨੰਬਰਦਾਰ ਸਤਨਾਮ ਸਿੰਘ ਸੱਤਾ ਖਲੌਰ ਦੀ ਅਗਵਾਈ ਹੇਠ ਪਿੰਡ ਖਲੌਰ ਵਿੱਚ ਕਿਸਾਨਾਂ ਅਤੇ ਨੌਜਵਾਨਾਂ ਨੇ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦੇ ਪੋਸਟਰ ਸਾੜੇ। ਇਸ ਮੌਕੇ ਉਨ੍ਹਾਂ ਕੰਗਨਾ ਰਣੌਤ ਵੱਲੋਂ ਕਿਸਾਨਾਂ ਖ਼ਿਲਾਫ਼ ਕੀਤੀ ਗਈ ਬਿਆਨਬਾਜ਼ੀ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਨੌਜਵਾਨਾਂ ਅਤੇ ਕਿਸਾਨ ਆਗੂ ਨੇ ਆਖਿਆ ਕਿ ਕੰਗਨਾ ਰਣੌਤ ਪਿਛਲੇ ਲੰਬੇ ਸਮੇਂ ਤੋਂ ਭੜਕਾਊ ਬਿਆਨਬਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਬਾਰੇ ਉਨ੍ਹਾਂ ਵੱਲੋਂ ਕੀਤੀ ਬਿਆਨਬਾਜ਼ੀ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦਾ ਢਿੱਡ ਭਰਦੇ ਹਨ। ਕਿਸਾਨਾਂ-ਮਜ਼ਦੂਰਾਂ ਦੇ ਪੁੱਤਰ ਦੇਸ਼ ਦੀ ਸਰਹੱਦਾਂ ਤੇ ਦੇਸ਼ ਦੀ ਰੱਖਿਆ ਕਰਦੇ ਹਨ। ਉਨ੍ਹਾਂ ਕਿਹਾ ਕਿ ਸਵਾ ਸਾਲ ਤੋਂ ਵੱਧ ਸਮਾਂ ਚੱਲਿਆ ਕਿਸਾਨ ਅੰਦੋਲਨ ਸ਼ਾਂਤਮਈ ਸੀ ਤੇ ਇਸ ਨੂੰ ਵਿਸ਼ਵ ਪੱਧਰ ’ਤੇ ਸਮਰਥਨ ਮਿਲਿਆ। ਉਨ੍ਹਾਂ ਕਿਹਾ ਕਿ ਭਾਜਪਾ ਦੇ ਇਸ਼ਾਰੇ ਉੱਤੇ ਕੰਗਨਾ ਵੱਲੋਂ ਕਿਸਾਨਾਂ ਖ਼ਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਦੇ ਬੇਹੱਦ ਮਾੜੇ ਸਿੱਟੇ ਨਿਕਣਲਗੇ।
ਉਨ੍ਹਾਂ ਐਮਰਜੈਂਸੀ ਫ਼ਿਲਮ ਵਿੱਚ ਸਿੱਖਾਂ ਵਿਰੁੱਧ ਕੀਤੇ ਕੂੜ ਪ੍ਰਚਾਰ ਨੂੰ ਦੇਖਦਿਆਂ ਸੈਂਸਰ ਬੋਰਡ ਕੋਲੋਂ ਇਸ ਫ਼ਿਲਮ ਲਈ ਸੈਂਸਰ ਸਰਟੀਫਿਕੇਟ ਜਾਰੀ ਨਾ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਮਾਨਸਿਕ ਤੌਰ ’ਤੇ ਬਿਮਾਰ ਹੋ ਗਈ ਹੈ ਤੇ ਉਸ ਨੂੰ ਸਿੱਖਾਂ ਤੇ ਪੰਜਾਬ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ। ਉਨ੍ਹਾਂ ਫਿਲਮ ਦਾ ਨਿਰੰਤਰ ਵਿਰੋਧ ਕਰਨ ਦਾ ਵੀ ਅਹਿਦ ਲਿਆ।
ਇਸ ਮੌਕੇ ਰੁਪਿੰਦਰ ਸਿੰਘ ਰੱਪੀ, ਲਾਭ ਸਿੰਘ, ਸੁਖਜੋਤ ਸਿੰਘ ਪੰਨੂ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਮਹਿੰਦੀ ਹਸਨ, ਦਲਵੀਰ ਸਿੰਘ, ਜੈਪਾਲ ਸਿੰਘ, ਸੁਖਪ੍ਰੀਤ ਸਿੰਘ ਬਾਠ ਤੋਂ ਇਲਾਵਾ ਹੋਰ ਬਹੁਤ ਸਾਰੇ ਕਿਸਾਨ ਹਾਜ਼ਰ ਸਨ।