ਚੰਡੀਗੜ੍ਹ, 31 ਅਗਸਤ
ਚੋਣ ਕਮਿਸ਼ਨ ਨੇ ਭਾਜਪਾ ਅਤੇ ਬਿਸ਼ਨੋਈ ਭਾਈਚਾਰੇ ਦੀ ਮੰਗ ਮੰਨਦਿਆਂ ਹਰਿਆਣਾ ’ਚ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ’ਚ ਤਬਦੀਲੀ ਕਰਦਿਆਂ ਹੁਣ 5 ਅਕਤੂਬਰ ਨੂੰ ਵੋਟਿੰਗ ਕਰਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਹਰਿਆਣਾ ’ਚ ਵੋਟਿੰਗ ਪਹਿਲੀ ਅਕਤੂਬਰ ਨੂੰ ਹੋਣੀ ਸੀ। ਹਰਿਆਣਾ ਅਤੇ ਜੰਮੂ ਕਸ਼ਮੀਰ ’ਚ ਵੋਟਾਂ ਦੀ ਗਿਣਤੀ ਅਤੇ ਨਤੀਜੇ ਹੁਣ 8 ਅਕਤੂਬਰ ਨੂੰ ਐਲਾਨੇ ਜਾਣਗੇ। ਚੋਣ ਕਮਿਸ਼ਨ ਨੇ ਕਈ ਮੀਟਿੰਗਾਂ ਅਤੇ ਵਿਚਾਰ-ਵਟਾਂਦਰੇ ਮਗਰੋਂ ਚੋਣਾਂ ’ਚ ਬਦਲਾਅ ਕੀਤਾ ਹੈ।
ਚੋਣ ਕਮਿਸ਼ਨ ਨੇ ਸ਼ਨਿਚਰਵਾਰ ਨੂੰ ਨਵਾਂ ਚੋਣ ਪ੍ਰੋਗਰਾਮ ਜਾਰੀ ਕੀਤਾ। ਚੋਣਾਂ ਲਈ ਨੋਟੀਫਿਕੇਸ਼ਨ ਪਹਿਲਾਂ ਵਾਂਗ 5 ਸਤੰਬਰ ਨੂੰ ਜਾਰੀ ਹੋਵੇਗਾ ਅਤੇ ਇਸੇ ਦਿਨ ਤੋਂ ਨਾਮਜ਼ਦਗੀ ਕਾਗ਼ਜ਼ ਭਰੇ ਜਾਣ ਦਾ ਅਮਲ ਸ਼ੁਰੂ ਹੋਵੇਗਾ। ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ 12 ਸਤੰਬਰ ਤੱਕ ਕਾਗ਼ਜ਼ ਦਾਖ਼ਲ ਕੀਤੇ ਜਾ ਸਕਣਗੇ ਅਤੇ 13 ਸਤੰਬਰ ਨੂੰ ਕਾਗ਼ਜ਼ਾਂ ਦੀ ਪੜਤਾਲ ਹੋਵੇਗੀ। ਨਾਮਜ਼ਦਗੀ ਕਾਗ਼ਜ਼ 17 ਸਤੰਬਰ ਤੱਕ ਵਾਪਸ ਲਏ ਜਾ ਸਕਦੇ ਹਨ। ਵੋਟਾਂ 5 ਅਕਤੂਬਰ ਸ਼ਨਿਚਰਵਾਰ ਨੂੰ ਪੈਣਗੀਆਂ। ਜੰਮੂ ਕਸ਼ਮੀਰ ’ਚ ਪਹਿਲੀ ਅਕਤੂਬਰ ਨੂੰ ਹੀ ਵੋਟਾਂ ਪੈਣਗੀਆਂ ਪਰ ਉਥੋਂ ਦੇ ਚੋਣ ਨਤੀਜੇ ਹਰਿਆਣਾ ਨਾਲ 8 ਅਕਤੂਬਰ ਨੂੰ ਹੀ ਐਲਾਨੇ ਜਾਣਗੇ। ਭਾਜਪਾ ਨੇ ਪੱਤਰ ਲਿਖ ਕੇ ਚੋਣ ਕਮਿਸ਼ਨ ਨੂੰ ਤਰੀਕ ਬਦਲਣ ਦੀ ਮੰਗ ਕੀਤੀ ਸੀ। ਕਮਿਸ਼ਨ ਨੇ ਕਿਹਾ ਕਿ ਬੀਕਾਨੇਰ ਦੀ ਆਲ ਇੰਡੀਆ ਬਿਸ਼ਨੋਈ ਮਹਾਸਭਾ ਦੇ ਕੌਮੀ ਪ੍ਰਧਾਨ ਨੇ ਹਰਿਆਣਾ ’ਚ ਚੋਣਾਂ ਦੀ ਤਰੀਕ ਬਦਲਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ 2 ਅਕਤੂਬਰ ਨੂੰ ਤਿਉਹਾਰ ਹੋਣ ਕਰਕੇ ਸਿਰਸਾ, ਫਤਿਹਾਬਾਦ ਅਤੇ ਹਿਸਾਰ ’ਚ ਰਹਿੰਦੇ ਬਿਸ਼ਨੋਈ ਭਾਈਚਾਰੇ ਦੇ ਹਜ਼ਾਰਾਂ ਲੋਕ ਰਾਜਸਥਾਨ ਪਹੁੰਚਣਗੇ, ਜਿਸ ਨਾਲ ਵੋਟਿੰਗ ਫ਼ੀਸਦ ਘੱਟ ਸਕਦਾ ਹੈ। ਭਾਜਪਾ ਦੀ ਹਰਿਆਣਾ ਇਕਾਈ ਅਤੇ ਇਨੈਲੋ ਨੇ ਵੋਟਿੰਗ ਦੀ ਤਰੀਕ ’ਚ ਬਦਲਾਅ ਕਰਨ ਦੀ ਚੋਣ ਕਮਿਸ਼ਨ ਤੋਂ ਮੰਗ ਕੀਤੀ ਸੀ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮੋਹਨ ਲਾਲ ਬਡੌਲੀ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਤਿੰਨ-ਚਾਰ ਗੱਲਾਂ ਵੱਲ ਧਿਆਨ ਦਿਵਾਉਂਦਿਆਂ ਵੋਟਿੰਗ ਦੇ ਦਿਨ ’ਚ ਬਦਲਾਅ ਲਈ ਕਿਹਾ ਸੀ। ਉਨ੍ਹਾਂ ਦੀ ਦਲੀਲ ਸੀ ਕਿ ਪਹਿਲੀ ਅਕਤੂਬਰ ਨੂੰ ਚੋਣਾਂ ਕਰਾਉਣ ਨਾਲ ਸੂਬੇ ’ਚ ਵੋਟਿੰਗ ਫ਼ੀਸਦ ਘੱਟ ਸਕਦਾ ਹੈ। -ਏਐੱਨਆਈ
ਭਾਜਪਾ ’ਚ ਟਿਕਟਾਂ ਦੀ ਵੰਡ ਤੋਂ ਰੌਲਾ, ਸ਼ਾਹ ਦਾ ਦੌਰਾ ਰੱਦ
ਜੀਂਦ: ਭਾਜਪਾ ਦੀ ਹਰਿਆਣਾ ਇਕਾਈ ’ਚ ਟਿਕਟਾਂ ਨੂੰ ਲੈ ਕੇ ਪਏ ਰੌਲੇ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹਰਿਆਣਾ ਦੌਰਾ ਰੱਦ ਹੋ ਗਿਆ ਹੈ। ਉਨ੍ਹਾਂ ਭਲਕੇ ਪਹਿਲੀ ਸਤੰਬਰ ਨੂੰ ਜੀਂਦ ’ਚ ‘ਜਨ ਆਸ਼ੀਰਵਾਦ ਰੈਲੀ’ ’ਚ ਸ਼ਾਮਲ ਹੋਣਾ ਸੀ। ਇਸੇ ਰੈਲੀ ਤੋਂ ਭਾਜਪਾ ਨੇ ਸੂਬੇ ’ਚ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨੀ ਸੀ। ਮੰਨਿਆ ਜਾ ਰਿਹਾ ਹੈ ਕਿ ਟਿਕਟਾਂ ਨੂੰ ਲੈ ਕੇ ਪਏ ਰੇੜਕੇ ਕਾਰਨ ਅਮਿਤ ਸ਼ਾਹ ਨੇ ਜੀਂਦ ਰੈਲੀ ’ਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਰੈਲੀ ਦੇ ਕੋਆਰਡੀਨੇਟਰ ਸਾਬਕਾ ਸੰਸਦ ਮੈਂਬਰ ਸੰਜੇ ਭਾਟੀਆ ਨੇ ਸ਼ਾਹ ਦਾ ਪ੍ਰੋਗਰਾਮ ਰੱਦ ਹੋਣ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ