ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐਨਆਈਏ) ਨੇ ਅੱਜ ਪਾਬੰਦੀਸ਼ੁਦਾ ਭਾਰਤੀ ਕਮਿਊਨਿਟ ਪਾਰਟੀ (ਮਾਓਵਾਦੀ) ਲਈ ਭਰਤੀ ਤੇ ਧਨ ਇਕੱਠਾ ਕਰਨ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਮੂਲ ਨਿਵਾਸੀ ਅਜੈ ਸਿੰਘਲ ਉਰਫ਼ ਅਮਨ ਵਜੋਂ ਹੋਈ ਹੈ ਜੋ ਪੰਜਾਬ ਦੇ ਐੱਸਏਐੱਸ ਨਗਰ (ਮੁਹਾਲੀ) ਵਿੱਚ ਰਹਿੰਦਾ ਸੀ। ਏਜੰਸੀ ਦੀ ਜਾਂਚ ਮਤਾਬਕ, ਅਜੈ ਹਰਿਆਣਾ ਵਿੱਚ ਸੀਪੀਆਈ (ਮਾਓਵਾਦੀ) ਦੀ ਸੂਬਾਈ ਜਥੇਬੰਦਕ ਕਮੇਟੀ ਦਾ ਇੰਚਾਰਜ ਸੀ ਅਤੇ ਪੰਜਾਬ, ਉਤਰ ਪ੍ਰਦੇਸ਼, ਉਤਰਾਖੰਡ, ਹਰਿਆਣਾ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਸੂਬਿਆਂ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਵਧਾਉਣ ਵਿੱਚ ਸਰਗਰਮ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮ ਸੀਪੀਆਈ (ਮਾਓਵਾਦੀ) ਕੇਂਦਰੀ ਕਮੇਟੀ ਦੇ ਮੈਂਬਰ ਪ੍ਰਮੋਦ ਮਿਸ਼ਰਾ ਉਰਫ਼ ਵਨਬਿਹਾਰੀ ਅਤੇ ਬਿਹਾਰ-ਝਾਰਖੰਡ ਸਪੈਸ਼ਲ ਏਰੀਆ ਕਮੇਟੀ ਕਮਾਂਡਰ/ਸਕੱਤਰ ਸੰਦੀਪ ਯਾਦਵ ਤੋਂ ਪੈਸੇ ਇਕੱਠੇ ਕਰਨ ਲਈ ਝਾਰਖੰਡ ਅਤੇ ਬਿਹਾਰ ਦਾ ਦੌਰਾ ਕਰ ਰਿਹਾ ਸੀ। -ਪੀਟੀਆਈ