ਮਾਸਕੋ, 31 ਅਗਸਤ
ਰੂਸ ਦੇ ਪੂਰਬੀ ਇਲਾਕੇ ਵਿੱਚ ਅੱਜ ਹੈਲੀਕਾਪਟਰ ਲਾਪਤਾ ਹੋ ਗਿਆ, ਜਿਸ ਦੀ ਭਾਲ ’ਚ ਬਚਾਅ ਕਰਮੀ ਡਟੇ ਹੋਏ ਹਨ। ਇਸ ਹੈਲੀਕਾਪਟਰ ਵਿੱਚ 22 ਯਾਤਰੀ ਸਵਾਰ ਸਨ। ਰੂਸ ਦੀ ਸੰਘੀ ਹਵਾਈ ਆਵਾਜਾਈ ਏਜੰਸੀ ਨੇ ਬਿਆਨ ਵਿੱਚ ਕਿਹਾ ਕਿ ਐੱਮਆਈ-8 ਹੈਲੀਕਾਪਟਰ ਨੇ ਕਾਮਚਤਕਾ ਖੇਤਰ ਵਿੱਚ ਵਾਚਕਾਜ਼ੇਤਸ ਜਵਾਲਾਮੁਖੀ ਨੇੜਿਓਂ ਉਡਾਣ ਭਰੀ ਸੀ ਪਰ ਉਹ ਨਿਰਧਾਰਿਤ ਸਮੇਂ ’ਤੇ ਆਪਣੀ ਮੰਜ਼ਿਲ ’ਤੇ ਨਹੀਂ ਪੁੱਜਿਆ। ਏਜੰਸੀ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਇਸ ਹੈਲੀਕਾਪਟਰ ਵਿੱਚ 19 ਯਾਤਰੀ ਅਤੇ ਚਾਲਕ ਦਲ ਦੇ ਤਿੰਨ ਮੈਂਬਰ ਸਵਾਰ ਸੀ। ਐੱਮਆਈ-8 ਦੋ ਇੰਜਣ ਵਾਲਾ ਹੈਲੀਕਾਪਟਰ ਹੈ, ਜਿਸ ਨੂੰ 1960 ਦੇ ਦਹਾਕੇ ਵਿੱਚ ਡਿਜ਼ਾਇਨ ਕੀਤਾ ਗਿਆ ਸੀ। ਇਸ ਦੀ ਵਰਤੋਂ ਰੂਸ ਵਿੱਚ ਵੱਡੇ ਪੱਧਰ ’ਤੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਗੁਆਂਢੀ ਦੇਸ਼ਾਂ ਤੇ ਕਈ ਹੋਰ ਦੇਸ਼ਾਂ ਵਿੱਚ ਵੀ ਐੱਮਆਈ-8 ਹੈਲੀਕਾਪਟਰ ਦੀ ਵਰਤੋਂ ਕੀਤੀ ਜਾਂਦੀ ਹੈ। -ਏਪੀ