ਕੋਝੀਕੋਡ/ਤਿਰੂਵਨੰਤਪੁਰਮ, 31 ਅਗਸਤ
ਮਲਿਆਲਮ ਅਦਾਕਾਰ ਦੀ ਸ਼ਿਕਾਇਤ ’ਤੇ ਫ਼ਿਲਮਸਾਜ਼ ਰਣਜੀਤ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ। ਕੋਝੀਕੋਡ ਦੇ ਸੀਨੀਅਰ ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਰਣਜੀਤ ਖ਼ਿਲਾਫ਼ ਸ਼ੁੱਕਰਵਾਰ ਰਾਤ ਨੂੰ ਕਸਾਬਾ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਦੱਖਣੀ ਭਾਰਤੀ ਫਿਲਮਾਂ ਦੀ ਅਦਾਕਾਰਾ ਰਾਧਿਕਾ ਸਰਤਕੁਮਾਰ ਨੇ ਅੱਜ ਦੋਸ਼ ਲਾਉਂਦਿਆਂ ਕਿਹਾ ਕਿ ਮਲਿਆਲਮ ਫਿਲਮ ਦੀ ਸ਼ੂਟਿੰਗ ਦੇ ਸੈੱਟ ’ਤੇ ਇੱਕ ‘ਕਾਰਵਾਂ’ ਵਾਹਨ (ਵੈਨਿਟੀ ਵੈਨ) ਅੰਦਰ ਛੁਪਾ ਕੇ ਲਾਏ ਗਏ ਕੈਮਰਿਆਂ ਨਾਲ ਮਹਿਲਾ ਕਲਾਕਾਰਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਰਿਕਾਰਡ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਪੁਰਸ਼ ਕਲਾਕਾਰਾਂ ਨੂੰ ਆਪਣੇ ਮੋਬਾਈਲ ਫੋਨ ’ਤੇ ਇਨ੍ਹਾਂ ਵੀਡੀਓ ਨੂੰ ਦੇਖਦੇ ਖੁਦ ਦੇਖਿਆ ਸੀ। ਜਸਟਿਸ ਕੇ. ਹੇਮਾ ਕਮੇਟੀ ਦੀ ਰਿਪੋਰਟ ਜਾਰੀ ਹੋਣ ਮਗਰੋਂ ਅਦਾਕਾਰਾ ਵੱਲੋਂ ਮਲਿਆਲਮ ਚੈਨਲ ਨਾਲ ਗੱਲਬਾਤ ਦੌਰਾਨ ਇਹ ਦੋਸ਼ ਲਾਏ। ਰੈਵੋਲੂਸ਼ਨਰੀ ਮਾਰਕਸਵਾਦੀ ਪਾਰਟੀ ਆਫ ਇੰਡੀਆ ਦੀ ਆਗੂ ਤੇ ਵਿਧਾਇਕ ਕੇਕੇ ਰੇਮਾ ਸਣੇ ਕਈਆਂ ਨੇ ਪ੍ਰਤੀਕਿਰਿਆ ਦਿੱਤੀ ਹੈ। ਕੋਝੀਕੋਡ ਵਿੱਚ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਫਿਲਮਸਾਜ਼ ਰਣਜੀਤ ਨੇ 2012 ਵਿੱਚ ਉਸ ਨੂੰ ਬੰਗਲੂਰੂ ਦੇ ਹੋਟਲ ਵਿੱਚ ਬੁਲਾਇਆ ਤੇ ਉਸ ਦੀਆਂ ਨਗਨ ਤਸਵੀਰਾਂ ਲਈਆਂ ਤੇ ਉਸ ਦੀਆਂ ਇਹ ਤਸਵੀਰਾਂ ਉੱਘੀ ਮਹਿਲਾ ਅਦਾਕਾਰਾ ਨੂੰ ਭੇਜੀਆਂ ਗਈਆਂ ਸਨ। ਹਾਲਾਂਕਿ, ਪੀੜਤਾ ਦੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੀ ਇੱਕ ਅਦਾਕਾਰਾ ਦੀ ਸ਼ਿਕਾਇਤ ’ਤੇ ਰਣਜੀਤ ਖ਼ਿਲਾਫ਼ ਪਹਿਲਾ ਵੀ ਇੱਕ ਕੇਸ ਦਰਜ ਕੀਤਾ ਗਿਆ ਸੀ। -ਪੀਟੀਆਈ