ਵਾਸ਼ਿੰਗਟਨ, 31 ਅਗਸਤ
ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਨੇ ਆਪਣੀ ਵਿਰੋਧੀ ਡੈਮੋਕਰੈਟਿਕ ਆਗੂ ਕਮਲਾ ਹੈਰਿਸ ’ਤੇ ਮੁੜ ਨਿੱਜੀ ਹਮਲਾ ਕਰਦਿਆਂ ਕਿਹਾ ਹੈ ਕਿ ਉਹ ਨੁਕਸਦਾਰ ਹੈ। ਟਰੰਪ ਨੇ ਇਹ ਸ਼ਬਦੀ ਹਮਲਾ ਉਸ ਸਮੇਂ ਕੀਤਾ ਹੈ, ਜਦੋਂ ਕਮਲਾ ਹੈਰਿਸ ਨੇ ਸੀਐੱਨਐੱਨ ਨੂੰ ਕੁਝ ਦਿਨ ਪਹਿਲਾਂ ਇੰਟਰਵਿਊ ਦਿੱਤਾ ਸੀ। ਇਕ ਜਥੇਬੰਦੀ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ, ‘ਮੈਨੂੰ ਲਗਦਾ ਹੈ ਕਿ ਉਹ ਬਿਹਤਰ ਹੁੰਦੀ ਜੇ ਉਸ ਨੇ ਸਿਰਫ਼ ਇੰਟਰਵਿਊ ਦਿੱਤੀਆਂ ਹੁੰਦੀਆਂ, ਭਾਵੇਂ ਉਹ ਵਧੀਆ ਨਾ ਵੀ ਹੁੰਦੀਆਂ ਪਰ ਇਹ ਬਿਹਤਰ ਹੁੰਦਾ ਕਿਉਂਕਿ ਹੁਣ ਹਰ ਕੋਈ ਦੇਖ ਰਿਹਾ ਹੈ ਕਿ ਉਸ ’ਚ ਨੁਕਸ ਹੈ।’ ਉਨ੍ਹਾਂ ਰਾਸ਼ਟਰਪਤੀ ਜੋਅ ਬਾਇਡਨ ਦਾ ਅਸਿੱਧੇ ਤੌਰ ’ਤੇ ਹਵਾਲਾ ਦਿੰਦਿਆਂ ਕਿਹਾ ਕਿ ਲੋਕ ਇਕ ਹੋਰ ਨੁਕਸਦਾਰ ਵਿਅਕਤੀ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਚਾਹੁੰਦੇ ਹਨ। -ਪੀਟੀਆਈ
ਟਰੰਪ ਦੀ ਰੈਲੀ ਦੌਰਾਨ ਪ੍ਰੈੱਸ ਏਰੀਆ ’ਚ ਘੁਸਪੈਠ ਕਰਨ ਵਾਲਾ ਨੌਜਵਾਨ ਕਾਬੂ
ਜੌਹਨਸਟਾਊਨ: ਪੈਨਸਿਲਵੇਨੀਆ ਦੇ ਜੌਹਨਸਾਟਊਨ ’ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਰੈਲੀ ਦੌਰਾਨ ਨੌਜਵਾਨ ਜਬਰੀ ਪ੍ਰੈੱਸ ਏਰੀਆ ’ਚ ਦਾਖ਼ਲ ਹੋ ਗਿਆ ਪਰ ਪੁਲੀਸ ਨੇ ਉਸ ਨੂੰ ਘੇਰ ਕੇ ਕਾਬੂ ਕਰ ਲਿਆ। ਨੌਜਵਾਨ ਸਾਈਕਲ ਰਾਹੀਂ ਮੀਡੀਆ ਗੈਲਰੀ ’ਚ ਜਬਰੀ ਦਾਖ਼ਲ ਹੋਇਆ ਅਤੇ ਮੰਚ ’ਤੇ ਚੜ੍ਹ ਗਿਆ, ਜਿਸ ’ਤੇ ਕੈਮਰਾਮੈਨ ਖੜ੍ਹੇ ਹੋਏ ਸਨ, ਜਦੋਂ ਪੁਲੀਸ ਨੌਜਵਾਨ ਨੂੰ ਲਿਜਾ ਰਹੀ ਸੀ ਤਾਂ ਟਰੰਪ ਨੇ ਕਿਹਾ ਕਿ ਅਜਿਹੀ ਕੋਈ ਥਾਂ ਨਹੀਂ ਹੋਵੇਗੀ, ਜਿਥੇ ਟਰੰਪ ਦੀ ਰੈਲੀ ਨਾਲੋਂ ਜ਼ਿਆਦਾ ਮਜ਼ਾ ਆਉਂਦਾ ਹੋਵੇਗਾ। ਜ਼ਿਕਰਯੋਗ ਹੈ ਕਿ ਟਰੰਪ ’ਤੇ ਪਿਛਲੇ ਮਹੀਨੇ ਪੈਨਸਿਲਵੇਨੀਆ ’ਚ ਰੈਲੀ ਦੌਰਾਨ ਜਾਨਲੇਵਾ ਹਮਲਾ ਹੋਇਆ ਸੀ ਅਤੇ ਇਕ ਗੋਲੀ ਉਨ੍ਹਾਂ ਦੇ ਕੰਨ ਨੂੰ ਛੂਹ ਕੇ ਨਿਕਲ ਗਈ ਸੀ। -ਏਪੀ