ਅਰਵਿੰਦਰ ਜੌਹਲ
ਫਿਲਮੀ ਦੁਨੀਆ ’ਚ ਵਿਵਾਦਾਂ ਕਾਰਨ ਲਗਾਤਾਰ ਚਰਚਾ ਵਿੱਚ ਰਹੀ ਅਦਾਕਾਰਾ ਤੇ ਹੁਣ ਭਾਰਤੀ ਜਨਤਾ ਪਾਰਟੀ ਦੀ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਦਾ ਖ਼ਾਸਾ ਸਿਆਸਤ ’ਚ ਪੈਰ ਧਰਨ ਤੋਂ ਬਾਅਦ ਵੀ ਬਦਲਿਆ ਨਹੀਂ ਹੈ। ਆਪਣੀ ਫਿਲਮ ‘ਐਮਰਜੈਂਸੀ’ ਦੇ ਪ੍ਰਚਾਰ ਲਈ ਵੱਖ ਵੱਖ ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਦਿੱਤੀਆਂ ਇੰਟਰਵਿਊਜ਼ ਦੌਰਾਨ ਉਸ ਨੇ ਕਿਸਾਨਾਂ ਤੇ ਜਾਤੀ ਜਨਗਣਨਾ ਆਦਿ ਮੁੱਦਿਆਂ ਬਾਰੇ ਜੋ ਬਿਆਨ ਦਿੱਤੇ, ਉਨ੍ਹਾਂ ਤੋਂ ਪੈਦਾ ਹੋਇਆ ਵਿਵਾਦ ਅਜੇ ਰੁਕਿਆ ਵੀ ਨਹੀਂ ਸੀ ਕਿ ਉਸ ਨੇ ਆਪਣੀ ਫਿਲਮ ਨੂੰ ਸੈਂਟਰਲ ਬੋਰਡ ਔਫ ਫਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਵੱਲੋਂ ਸਰਟੀਫਿਕੇਟ ਜਾਰੀ ਨਾ ਕੀਤੇ ਜਾਣ ਬਾਰੇ ਸ਼ੁੱਕਰਵਾਰ ਦੇਰ ਰਾਤ ਇੱਕ ਵੀਡੀਓ ਜਾਰੀ ਕਰਦਿਆਂ ਦੇਸ਼ ਦੀ ਮੌਜੂਦਾ ਸਥਿਤੀ ’ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ। ਉਸ ਦੀ ਇਸ ਟਿੱਪਣੀ ਨੇ ਉਸ ਦੀ ਆਪਣੀ ਹੀ ਸਰਕਾਰ ਨੂੰ ਕਟਹਿਰੇ ਵਿੱਚ ਲਿਆ ਖੜ੍ਹਾ ਕੀਤਾ ਹੈ।
ਕੰਗਨਾ ਦੇ ਬੌਲੀਵੁੱਡ ਸਫ਼ਰ ’ਤੇ ਨਜ਼ਰ ਮਾਰਦਿਆਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਖਾਹਮਖਾਹ ਆਪਣੇ ਵਿਰੋਧੀ ਖੜ੍ਹੇ ਕਰਨੇ ਅਤੇ ਫਿਰ ਉਨ੍ਹਾਂ ਖ਼ਿਲਾਫ਼ ਬਿਆਨਬਾਜ਼ੀ ਕਰ ਕੇ ਉਨ੍ਹਾਂ ਨੂੰ ਬੋਲਣ ਲਈ ਉਕਸਾਉਣਾ ਉਸ ਦੇ ਵਿਹਾਰ ਦਾ ਹਿੱਸਾ ਰਿਹਾ ਹੈ। ਇਸ ਤਰ੍ਹਾਂ ਉਸ ਨਾਲ ਜੁੜਿਆ ਵਿਵਾਦ ਅੱਗੇ ਤੋਂ ਅੱਗੇ ਤੁਰਦਾ ਰਿਹਾ ਅਤੇ ਉਹ ਮੀਡੀਆ ’ਚ ਲਗਾਤਾਰ ਆਪਣੀ ਮੌਜੂਦਗੀ ਕਾਇਮ ਰੱਖਦੀ ਰਹੀ। ਸ਼ਾਇਦ ਇਹ ਉਸ ਦੀ ਲੋੜ ਵੀ ਹੋਵੇ ਪਰ ਸਿਆਸਤ ਅਜਿਹੀ ਜ਼ਿੰਮੇਵਾਰੀ ਹੈ ਜਿੱਥੇ ਲੋਕਾਂ ਨਾਲ ਜੁੜੇ ਮੁੱਦਿਆਂ ਬਾਰੇ ਡੂੰਘਾਈ ਨਾਲ ਸਮਝ, ਤੁਹਾਡੀ ਜ਼ਹਾਨਤ, ਬੌਧਿਕ ਮਿਆਰ, ਤੁਹਾਡੇ ਵੱਲੋਂ ਵਰਤੀ ਜਾ ਰਹੀ ਭਾਸ਼ਾ ਅਤੇ ਵਿਹਾਰ ਤੁਹਾਡੀ ਲੀਡਰਸ਼ਿਪ ਸਥਾਪਿਤ ਕਰਦਾ ਹੈ। ਇਹ ਕੋਈ ਫਿਲਮੀ ਈਵੈਂਟ ਨਹੀਂ ਕਿ ਤੁਸੀਂ ਖ਼ੂਬਸੂਰਤ ਲਿਬਾਸ ਪਹਿਨ ਕੇ ਅਦਾ ਨਾਲ ਚਾਰ ਗੱਲਾਂ ਬੋਲ ਕੇ ਵਾਹ ਵਾਹ ਕਰਵਾ ਲਓਗੇ। ਲੋਕਾਂ ਨਾਲ ਜੁੜਨ ਲਈ ਕਠਿਨ ਤਪੱਸਿਆ ਦੀ ਲੋੜ ਹੁੰਦੀ ਹੈ। ਵਿਵਾਦ ਖੜ੍ਹੇ ਕਰ ਕੇ ਸਿਆਸਤ ’ਚ ਪੈਰ ਜਮਾਉਣ ਦੇ ਰਾਹ ਤੁਰਨ ਕਾਰਨ ਉਸ ਨੇ ਆਪਣੀ ਹੀ ਪਾਰਟੀ ਲਈ ਸਮੱਸਿਆ ਖੜ੍ਹੀ ਕਰ ਦਿੱਤੀ ਹੈ।
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਉਹ ਆਪਣੀ ਫਿਲਮ ਦੇ ਪ੍ਰਚਾਰ ਲਈ ਲਗਾਤਾਰ ਇੰਟਰਵਿਊਜ਼ ਦੇ ਰਹੀ ਹੈ ਜਿਸ ਦੌਰਾਨ ਉਹ ਸਿਆਸੀ ਮੁੱਦਿਆਂ ਬਾਰੇ ਪੁੱਛੇ ਜਾ ਰਹੇ ਸਵਾਲਾਂ ਦੇ ਜਵਾਬ ’ਚ ਬੇਥਵੀਆਂ ਗੱਲਾਂ ਕਰ ਰਹੀ ਹੈ। ਅਜਿਹੀ ਹੀ ਇੱਕ ਇੰਟਰਵਿਊ ਦੌਰਾਨ ਉਸ ਨੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਕੀਤੇ ਗਏ ਅੰਦੋਲਨ ਬਾਰੇ ਟਿੱਪਣੀ ਕੀਤੀ ਸੀ ਕਿ ਕਿਸਾਨ ਅੰਦੋਲਨ ਦੌਰਾਨ ਲਾਸ਼ਾਂ ਲਟਕ ਰਹੀਆਂ ਸਨ ਅਤੇ ਔਰਤਾਂ ਦੇ ਬਲਾਤਕਾਰ ਹੋ ਰਹੇ ਸਨ। ਉਹ ਇੱਥੋਂ ਤੱਕ ਕਹਿ ਗਈ ਕਿ ਕਿਸਾਨ ਅੰਦੋਲਨ ਦੌਰਾਨ ਬੰਗਲਾਦੇਸ਼ ਵਰਗੀ ਸਥਿਤੀ ਸੀ ਅਤੇ ਦੇਸ਼ ਦੀ ਮਜ਼ਬੂਤ ਲੀਡਰਸ਼ਿਪ ਨੇ ‘ਕਿਸਾਨ ਹਿੱਤਕਾਰੀ’ ਬਿੱਲ ਵਾਪਸ ਲੈ ਕੇ ਹਾਲਾਤ ਨੂੰ ਵਿਗੜਨ ਤੋਂ ਬਚਾ ਲਿਆ। ਇਹ ਹੀ ਨਹੀਂ, ਉਸ ਨੇ ਇਸ ਅੰਦੋਲਨ ਪਿੱਛੇ ਚੀਨ ਅਤੇ ਅਮਰੀਕਾ ਦਾ ਹੱਥ ਵੀ ਦੱਸਿਆ। ਪਹਿਲਾਂ ਵੀ ਕਿਸਾਨ ਅੰਦੋਲਨ ਵੇਲੇ ਉਸ ਨੇ ਕਿਸਾਨਾਂ ਨੂੰ ਦਹਿਸ਼ਤਗਰਦ ਅਤੇ ਅਤਿਵਾਦੀ ਦੱਸਿਆ ਸੀ ਅਤੇ ਧਰਨੇ ਵਿੱਚ ਹਿੱਸਾ ਲੈਣ ਵਾਲੀਆਂ ਪੰਜਾਬ ਦੀਆਂ ਬਿਰਧ ਔਰਤਾਂ ਨੂੰ ਸੌ ਸੌ ਰੁਪਏ ਲੈ ਕੇ ਧਰਨੇ ਦੇਣ ਵਾਲੀਆਂ ਦੱਸਿਆ ਸੀ। ਉਦੋਂ ਉੱਘੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕੰਗਨਾ ਨੂੰ ਜਵਾਬ ਦਿੱਤਾ ਸੀ, ‘‘ਸਾਡੀਆਂ ਮਾਵਾਂ ਰੱਬ ਵਰਗੀਆਂ। ਜਿਹੜਾ ਸਾਡੀ ਮਾਂ ਨੂੰ ਬੁਰਾ ਬੋਲੇ ਉਹ ਸਾਡੇ ਲਈ ਕੋਈ ਸਟਾਰ ਸਟੂਰ ਨਹੀਂ।’’ ਹੁਣ ਉਹ ਦੇਸ਼ ਦੀ ਜ਼ਿੰਮੇਵਾਰ ਸੰਸਦ ਮੈਂਬਰ ਹੈ। ਸ਼ਾਇਦ ਇਹ ਗੱਲ ਉਸ ਦੀ ਸਮਝ ਨਹੀਂ ਆਈ ਕਿ ਪੰਜਾਬ, ਹਰਿਆਣਾ, ਯੂਪੀ ਤੇ ਦੇਸ਼ ਭਰ ਦੇ ਕਿਸਾਨਾਂ ਨੇ ਇਨ੍ਹਾਂ ਬਿਆਨਾਂ ਦਾ ਬਹੁਤ ਹੀ ਬੁਰਾ ਮਨਾਇਆ ਹੈ ਤੇ ਮਤੇ ਪਾਸ ਕਰ ਕੇ ਭਾਜਪਾ ਤੋਂ ਕੰਗਨਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਅਤੇ ਯੂਪੀ ’ਚ 10 ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੂੰ ਕੰਗਨਾ ਦੇ ਬਿਆਨ ਕਾਰਨ ਹੋਣ ਵਾਲੇ ਨੁਕਸਾਨ ਦੀ ਸਮਝ ਆ ਗਈ ਹੈ। ਪਾਰਟੀ ਨੇ ਫੌਰੀ ਅਧਿਕਾਰਤ ਤੌਰ ’ਤੇ ਬਿਆਨ ਜਾਰੀ ਕਰ ਕੇ ਕਿਹਾ ਕਿ ਕੰਗਨਾ ਨੇ ਜੋ ਕਿਹਾ ਹੈ, ਉਹ ਉਸ ਦਾ ਨਿੱਜੀ ਵਿਚਾਰ ਹੈ, ਪਾਰਟੀ ਇਸ ਨਾਲ ਸਹਿਮਤ ਨਹੀਂ। ਪਾਰਟੀ ਕਿਸੇ ਨੂੰ ਵੀ ਨੀਤੀਗਤ ਮੁੱਦਿਆਂ ’ਤੇ ਬਿਆਨ ਦੇਣ ਦੀ ਇਜਾਜ਼ਤ ਨਹੀਂ ਦਿੰਦੀ ਅਤੇ ਨਾ ਹੀ ਉਸ ਕੋਲ ਪਾਰਟੀ ਵੱਲੋਂ ਦਿੱਤਾ ਗਿਆ ਅਜਿਹਾ ਕੋਈ ਅਧਿਕਾਰ ਹੈ। ਪਾਰਟੀ ਦੇ ਮੀਡੀਆ ਵਿੰਗ ਨੇ ਉਸ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਭਵਿੱਖ ’ਚ ਅਜਿਹਾ ਕੋਈ ਬਿਆਨ ਨਾ ਦੇਵੇ। ਭਾਜਪਾ ਪ੍ਰਧਾਨ ਜੇਪੀ ਨੱਢਾ ਵੱਲੋਂ ਉਸ ਨੂੰ ਦੋ ਵਾਰੀ ਤਲਬ ਕਰ ਕੇ ਇਹ ਸਮਝਾਇਆ ਗਿਆ ਕਿ ਉਹ ਆਪਣੀ ਫਿਲਮ ਦੇ ਪ੍ਰਚਾਰ ਤੱਕ ਹੀ ਸੀਮਤ ਰਹੇ ਅਤੇ ਕੋਈ ਵੀ ਸਿਆਸੀ ਬਿਆਨ ਦੇਣ ਤੋਂ ਗੁਰੇਜ਼ ਕਰੇ। ਕੰਗਨਾ ਨੇ ਮਗਰੋਂ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਇਹ ਮੰਨਿਆ ਕਿ ਕਿਸਾਨਾਂ ਬਾਰੇ ਬਿਆਨ ਦੇਣ ਕਾਰਨ ਨੱਢਾ ਤੋਂ ਉਸ ਨੂੰ ਝਾੜ ਪਈ ਹੈ ਪਰ ਨਾਲ ਹੀ ਪੋਚਾ ਪਾਉਂਦਿਆਂ ਕਿਹਾ ਕਿ ਉਹ ਉਸ ਦੇ ਸੀਨੀਅਰ ਹਨ ਤੇ ਭਾਜਪਾ ਨਾਲ ਉਹ ਪੂਰੀ ਤਰ੍ਹਾਂ ਜੁੜੀ ਹੋਈ ਹੈ; ਉਨ੍ਹਾਂ ਦੀ ਕਿਸੇ ਵੀ ਗੱਲ ਦਾ ਉਸ ਨੇ ਬੁਰਾ ਨਹੀਂ ਮਨਾਇਆ। ਪਾਰਟੀ ਤਾਂ ਉਸ ਲਈ ਸਭ ਤੋਂ ਪਹਿਲਾਂ ਹੈ। ਸ਼ੁੱਕਰਵਾਰ ਨੂੰ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਫਿਲਮ ‘ਐਮਰਜੈਂਸੀ’ ਜੋ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ, ਦਾ ਸਰਟੀਫਿਕੇਟ ਰੋਕ ਲਿਆ ਗਿਆ ਤਾਂ ਉਸ ਨੇ ਵੀਡੀਓ ਜਾਰੀ ਕਰਕੇ ਕਿਹਾ, ‘‘ਅਫ਼ਵਾਹਾਂ ਉਡਾਈਆਂ ਜਾ ਰਹੀਆਂ ਹਨ ਕਿ ਮੇਰੀ ਫਿਲਮ ਨੂੰ ਸਰਟੀਫਿਕੇਟ ਮਿਲ ਗਿਆ ਹੈ, ਜੋ ਗ਼ਲਤ ਹੈ। ਫਿਲਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।’’ ਕੰਗਨਾ ਨੇ ਇਹ ਵੀ ਕਿਹਾ ਕਿ ਸੀਬੀਐੱਫਸੀ ’ਤੇ ਦਬਾਅ ਹੈ ਕਿ ਫਿਲਮ ਵਿੱਚ ਇੰਦਰਾ ਗਾਂਧੀ ਨੂੰ ਗੋਲੀਆਂ ਮਾਰਨ, ਭਿੰਡਰਾਂਵਾਲੇ ਅਤੇ ਪੰਜਾਬ ਦੰਗਿਆਂ ਦੇ ਦ੍ਰਿਸ਼ ਨਾ ਦਿਖਾਏ ਜਾਣ। ਕੰਗਨਾ ਇਸੇ ਵੀਡੀਓ ’ਚ ਕਹਿੰਦੀ ਹੈ, ‘‘ਜੇ ਇਹ ਹਿੱਸੇ ਕੱਟ ਦਿੱਤੇ ਗਏ ਤਾਂ ਫਿਲਮ ਵਿੱਚ ਬਾਕੀ ਦਿਖਾਉਣ ਲਈ ਕੀ ਬਚਦਾ ਹੈ। ਇਹ ਤਾਂ ਕੰਪਲੀਟ ਬਲੈਕਆਊਟ ਹੈ। ਮੈਨੂੰ ਇਸ ਗੱਲ ’ਤੇ ਯਕੀਨ ਨਹੀਂ ਆ ਰਿਹਾ। ਦੇਸ਼ ਦੀ ਇਹ ਸਥਿਤੀ ਬਹੁਤ ਖੇਦਜਨਕ ਹੈ।’’ ਬੌਲੀਵੁੱਡ ਦੀ ਮੂੰਹਜ਼ੋਰ ‘ਕੁਈਨ’ ਕੰਗਨਾ, ਜੋ ਆਪਣੇ ਸਹਿਯੋਗੀ ਕਲਾਕਾਰਾਂ, ਨਿਰਦੇਸ਼ਕਾਂ ਅਤੇ ਪ੍ਰੋਡਿਊਸਰਾਂ ਖ਼ਿਲਾਫ਼ ਟਿੱਪਣੀਆਂ ਕਰਨ ਤੋਂ ਕਦੇ ਨਹੀਂ ਰੁਕੀ, ਉਹ ਨੱਢਾ ਦੀ ‘ਸਮਝਾਇਸ਼’ ਦਾ ਅਸਰ ਏਨੀ ਛੇਤੀ ਕਿਵੇਂ ਕਬੂਲਦੀ। ਇੱਥੇ ਦੋ ਹੀ ਗੱਲਾਂ ਹਨ ਜਾਂ ਤਾਂ ਨਸੀਹਤ ਦਾ ਉਸ ’ਤੇ ਕੋਈ ਅਸਰ ਨਹੀਂ ਹੁੰਦਾ ਤੇ ਜਾਂ ਫਿਰ ਉਸ ਨੂੰ ਸਮਝ ਹੀ ਨਹੀਂ ਕਿ ਉਸ ਦੀ ਕਹੀ ਗੱਲ ਦੇ ਕੀ ਮਾਇਨੇ ਹਨ। ਭਾਜਪਾ ਜਿਹੀ ਪਾਰਟੀ, ਜਿਸ ਦੇ ਕੱਦਾਵਰ ਨੇਤਾ ਅਟਲ ਬਿਹਾਰੀ ਵਾਜਪਾਈ, ਮੁਰਲੀ ਮਨੋਹਰ ਜੋਸ਼ੀ, ਜਸਵੰਤ ਸਿੰਘ, ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਆਦਿ ਦੀ ਲਿਆਕਤ ਤੇ ਦਲੀਲ ਦਾ ਲੋਹਾ ਉਨ੍ਹਾਂ ਦੇ ਵਿਰੋਧੀ ਵੀ ਮੰਨਦੇ ਸਨ, ਉੱਤੇ ਸਵਾਲ ਉੱਠਣੇ ਤਾਂ ਲਾਜ਼ਮੀ ਹਨ ਕਿ ਕੰਗਨਾ ਨੂੰ ਉਸ ਦੀ ਕਿਸ ਖ਼ਾਸੀਅਤ ਦੇ ਆਧਾਰ ’ਤੇ ਟਿਕਟ ਦਿੱਤਾ ਗਿਆ ਸੀ। ਸਾਰੇ ਵਿਵਾਦਾਂ ਤੋਂ ਬੇਪ੍ਰਵਾਹ ਕੰਗਨਾ ਨੇ ਸ਼ਨਿਚਰਵਾਰ ਨੂੰ ਆਪਣੀ ਫਿਲਮ ਦਾ ਮਿਊਜ਼ਿਕ ਲਾਂਚ ਸਮਾਰੋਹ ਕੀਤਾ।
ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਦਾਕਾਰਾ ਕੰਗਨਾ ਰਣੌਤ ਅਤੇ ਫਿਲਮ ਦੇ ਪ੍ਰੋਡਿਊਸਰਾਂ ਨੂੰ ਕਾਨੂੰਨੀ ਨੋਟਿਸ ਦੇਣ ਦੇ ਨਾਲ ਹੀ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਤੇ ਸੀਬੀਐੱਫਸੀ ਨੂੰ ਵੀ ਪੱਤਰ ਲਿਖੇ ਹਨ ਜਿਸ ਵਿੱਚ ਇਸ ਫਿਲਮ ਦੀ ਰਿਲੀਜ਼ ਰੋਕਣ ਦੀ ਮੰਗ ਕੀਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਲੀਲ ਹੈ ਕਿ 14 ਅਗਸਤ ਨੂੰ ਜਾਰੀ ਇਸ ਫਿਲਮ ਦੇ ਟਰੇਲਰ ਤੋਂ ਲੱਗਦਾ ਹੈ ਕਿ ਇਸ ’ਚ ਸਿੱਖ ਭਾਈਚਾਰੇ ਦਾ ਅਕਸ ਗ਼ਲਤ ਢੰਗ ਨਾਲ ਉਭਾਰਿਆ ਗਿਆ ਹੈ ਜੋ ਪ੍ਰਵਾਨਯੋਗ ਨਹੀਂ ਹੈ। ਇਸ ਮੁੱਦੇ ਨੂੰ ਲੈ ਕੇ ਪੰਜਾਬ ਵਿੱਚ ਕਈ ਥਾਈਂ ਰੋਸ ਮੁਜ਼ਾਹਰੇ ਵੀ ਹੋ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਸੀਬੀਐੱਫਸੀ ਨੂੰ ਬੇਨਤੀ ਕੀਤੀ ਹੈ ਕਿ ਇਸ ਫਿਲਮ ਨੂੰ ਰੀਵਿਊ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਪੇਸ਼ ਕੀਤਾ ਜਾਵੇ। ਹੋਰ ਤਾਂ ਹੋਰ, ਭਾਜਪਾ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਜਗਮੋਹਨ ਸਿੰਘ ਰਾਜੂ ਨੇ ਵੀ ਕਿਹਾ ਹੈ ਕਿ ਸੀਬੀਐੱਫਸੀ ਬਹੁਤ ਸੋਚ-ਸਮਝ ਕੇ ਫਿਲਮ ਨੂੰ ਸਰਟੀਫਿਕੇਟ ਜਾਰੀ ਕਰੇ ਕਿਉਂਕਿ ਇਸ ਨਾਲ ਪੰਜਾਬ ’ਚ ਭੜਕਾਹਟ ਪੈਦਾ ਹੋ ਸਕਦੀ ਹੈ।
ਕੰਗਨਾ ਨੇ ਜਦੋਂ ਤੋਂ ਇਸ ਫਿਲਮ ਦਾ ਪ੍ਰਚਾਰ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਉਸ ਦੇ ਬਿਆਨ ਉਸ ਦੀ ਸਮਝ ਦਾ ਮੁਜ਼ਾਹਰਾ ਕਰਨ ਲਈ ਕਾਫ਼ੀ ਹਨ। ਜਾਤੀ ਜਨਗਣਨਾ ਬਾਰੇ ਇੱਕ ਚੈਨਲ ’ਤੇ ਸਵਾਲ ਪੁੱਛੇ ਜਾਣ ’ਤੇ ਉਸ ਦਾ ਜਵਾਬ ਸੀ, ‘‘ਹਮੇਂ ਪਤਾ ਹੀ ਨਹੀਂ ਕਿ ਕੌਨ ਸੇ ਐਕਟਰ ਕੀ ਕਿਆ ਜਾਤ ਹੈ। … ਮੇਰੇ ਆਸ ਪਾਸ ਕੇ ਲੋਗੋਂ ਕੀ ਕੋਈ ਜਾਤ ਕਾ ਕੁਛ ਪਤਾ ਨਹੀਂ। ਕਿਉਂ ਪਤਾ ਕਰਨਾ ਹੈ ਭਈ, ਆਜ ਤੱਕ ਪਤਾ ਨਹੀਂ ਕੀਆ ਅਬ ਕਿਉਂ ਪਤਾ ਕਰਨਾ ਹੈ।’’ ਇਸ ਮੌਕੇ ਉਸ ਨੂੰ ਸਵਾਲ ਕਰਨ ਵਾਲੇ ਐਂਕਰ ਦੇ ਚਿਹਰੇ ’ਤੇ ਆਏ ਹੈਰਾਨੀ ਤੇ ਪ੍ਰੇਸ਼ਾਨੀ ਦੇ ਭਾਵ ਦੇਖਣ ਵਾਲੇ ਸਨ। ਐਂਕਰ ਨੇ ਕਿਹਾ ਕਿ ਜੇਕਰ ਇਹ ਪਤਾ ਨਹੀਂ ਹੋਵੇਗਾ ਤਾਂ ਤੁਸੀਂ ਇਸ ਦਿਸ਼ਾ ’ਚ ਸਕਾਰਾਤਮਕ ਕਦਮ ਕਿਵੇਂ ਚੁੱਕੋਗੇ। ਇੱਥੇ ਇੱਕ ਪਲ ਲਈ ਰੁਕਦਿਆਂ ਕੰਗਨਾ ਜ਼ਰੂਰ ਪੁੱਛਦੀ ਹੈ, ‘‘ਉਹ ਕਿੱਦਾਂ?’’ ਐਂਕਰ ਜਦੋਂ ਦੱਸਦਾ ਹੈ ਕਿ ਜਿਵੇਂ ਮੰਡਲ ਕਮਿਸ਼ਨ, ਕਾਕਾ ਕਾਲੇਲਕਰ ਕਮਿਸ਼ਨ ਦੀ ਰਿਪੋਰਟ ਆਈ ਸੀ ਜਿਸ ਤੋਂ ਪਤਾ ਲੱਗਿਆ ਕਿ ਸਮਾਜ ਵਿੱਚ ਕੌਣ ਪੱਛੜਿਆ ਹੈ। ਇਸ ’ਤੇ ਕੰਗਨਾ ਦੇ ਚਿਹਰੇ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਸ ਨੂੰ ਗੱਲ ਕੁਝ ਸਮਝ ਨਹੀਂ ਆ ਰਹੀ ਪਰ ਉਹ ਐਂਕਰ ਨੂੰ ਗਿਆਨ ਦਿੰਦੀ ਹੈ, ‘‘ਪ੍ਰਧਾਨ ਮੰਤਰੀ ਜੀ ਨੇ ਕਹਾ ਹੈ ਕਿ ਗ਼ਰੀਬ, ਕਿਸਾਨ ਔਰ ਮਹਿਲਾਏਂ ਤੀਨ ਜਾਤੀਆਂ ਹੋਨੀ ਚਾਹੀਏ, ਚੌਥੀ ਕੋਈ ਜਾਤ ਹੋਨੀ ਹੀ ਨਹੀਂ ਚਾਹੀਏ।’’ ਜਾਤੀ ਜਨਗਣਨਾ ਬਾਰੇ ਹੋਰ ਕੁਰੇਦੇ ਜਾਣ ’ਤੇ ਉਸ ਦਾ ਪ੍ਰਤੀਕਰਮ ਸੀ ਕਿ ਜਾਤੀ ਕੀ ਗਣਨਾ ਕਰਨੀ ਹੀ ਕਿਉਂ ਹੈ। ਇਸੇ ਇੰਟਰਵਿਊ ’ਚ ਪਾਰਟੀ ਵੱਲੋਂ ਦਲਿਤਾਂ ਦੀ ਬਿਹਤਰੀ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੰਦਿਆਂ ਉਹ ਕਹਿੰਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੇਲੇ ਪਹਿਲੇ ਦਲਿਤ ਰਾਸ਼ਟਰਪਤੀ ਰਾਮ ਕੋਵਿਡ (ਕੋਵਿੰਦ) ਬਣੇ। ਸੁੰਨ ਹੋਇਆ ਐਂਕਰ ਬਿੱਟ ਬਿੱਟ ਕੰਗਨਾ ਦੇ ਮੂੰਹ ਵੱਲ ਤੱਕਦਾ ਰਿਹਾ ਪਰ ਉਸ ਦੀ ਕੰਗਨਾ ਨੂੰ ਇਹ ਦੱਸਣ ਦੀ ਹਿੰਮਤ ਨਹੀਂ ਪਈ ਕਿ ਉਸ ਦਲਿਤ ਰਾਸ਼ਟਰਪਤੀ ਦਾ ਨਾਂ ਰਾਮ ਕੋਵਿਡ ਨਹੀਂ ਸਗੋਂ ਰਾਮ ਨਾਥ ਕੋਵਿੰਦ ਹੈ। ਹਾਂ, ਉਸ ਨੇ ਕੰਗਨਾ ਨੂੰ ਏਨਾ ਦਰੁਸਤ ਜ਼ਰੂਰ ਕੀਤਾ ਕਿ ਉਹ ਦੂਜੇ ਦਲਿਤ ਰਾਸ਼ਟਰਪਤੀ ਸਨ, ਪਹਿਲੇ ਦਲਿਤ ਰਾਸ਼ਟਰਪਤੀ ਕੇਆਰ ਨਰਾਇਣਨ ਸਨ।
ਸਮੁੱਚੀ ਸਥਿਤੀ ਨੂੰ ਦੇਖਦਿਆਂ ਲੱਗਦਾ ਹੈ ਕਿ ਬੌਲੀਵੁੱਡ ਦੀ ‘ਕੁਈਨ’ ਨੇ ਸੰਸਦ ’ਚ ਪੈਰ ਤਾਂ ਧਰ ਲਿਆ ਹੈ ਪਰ ਉਸ ਨੂੰ ਸੰਸਦ ਵੀ ਬੌਲੀਵੁੱਡ ਦੀ ਸ਼ੂਟਿੰਗ ਦਾ ਸੈੱਟ ਜਾਪਦਾ ਹੈ। ਭਾਜਪਾ ਆਗੂਆਂ ਨੂੰ ਹੁਣ ਉਹ ਵੇਲਾ ਯਾਦ ਤਾਂ ਆਉਂਦਾ ਹੋਵੇਗਾ ਜਿਸ ਸੁਲੱਖਣੀ ਘੜੀ ਉਨ੍ਹਾਂ ਕੰਗਨਾ ਨੂੰ ਸਿਆਸੀ ਮੈਦਾਨ ’ਚ ਉਤਾਰਿਆ ਸੀ। ਭਾਜਪਾ ਪ੍ਰਧਾਨ ਜੇਪੀ ਨੱਢਾ ਅਤੇ ਪਾਰਟੀ ਆਗੂਆਂ ਦੀ ਪ੍ਰੇਸ਼ਾਨੀ ਹੁਣ ਸਾਰਿਆਂ ਨੂੰ ਸਮਝ ਆਉਂਦੀ ਹੈ। ਪ੍ਰਧਾਨ ਮੰਤਰੀ ਦੇ ਸੁਰ ’ਚ ਸੁਰ ਮਿਲਾਉਣ ਵਾਲੇ ਭਾਜਪਾ ਦੇ ਪ੍ਰਚਾਰ ਮੰਡਲ ਨੂੰ ਵੀ ਸਮਝ ਨਹੀਂ ਆ ਰਹੀ ਕਿ ਇਸ ‘ਬੇਸੁਰੇ ਰਾਗ’ ਤੋਂ ਬਚਣ ਲਈ ਕੀ ਕੀਤਾ ਜਾਵੇ।
ਪਰਮਾਤਮਾ ਮਿਹਰ ਕਰੇ !