ਐੱਨਪੀ ਧਵਨ
ਪਠਾਨਕੋਟ, 31 ਅਗਸਤ
ਇੱਥੇ ਬੀਤੇ ਦਿਨ ਸ਼ਾਹ ਕਲੋਨੀ ਵਿੱਚ ਯੂਕੇਜੀ ਵਿੱਚ ਪੜ੍ਹਦੇ 6 ਸਾਲ ਦੇ ਬੱਚੇ ਮਾਹਰ ਨੂੰ ਛੁੱਟੀ ਸਮੇਂ ਘਰ ਕੋਲੋਂ ਬਾਅਦ ਦੁਪਹਿਰ ਪੌਣੇ ਤਿੰਨ ਵਜੇ ਕਾਰ ਸਵਾਰਾਂ ਵੱਲੋਂ ਅਗਵਾ ਕਰ ਲਿਆ ਗਿਆ। ਇਹ ਮਾਮਲਾ ਪੁਲੀਸ ਨੇ 8 ਘੰਟਿਆਂ ਵਿੱਚ ਸੁਲਝਾ ਕੇ ਬੱਚੇ ਨੂੰ ਰਾਤ 10.30 ਵਜੇ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਕੋਲੋਂ ਬਰਾਮਦ ਕਰਕੇ ਮਾਪਿਆਂ ਹਵਾਲੇ ਕਰ ਦਿੱਤਾ। ਮੁਲਜ਼ਮ ਬੱਚੇ ਨੂੰ ਅਗਵਾ ਕਰਨ ਮਗਰੋਂ ਕਾਗਜ਼ ਸੁੱਟ ਗਏ ਸਨ, ਜਿਸ ’ਤੇ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਇਸੇ ਦੌਰਾਨ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਬੱਚੇ ਦੇ ਘਰ ਗਏ। ਉਨ੍ਹਾਂ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਅਗਵਾਕਾਰ ਅਮਿਤ ਰਾਣਾ, ਜੋ ਬੀਐੱਸਐੱਫ ਵਿੱਚੋਂ ਨੌਕਰੀ ਤੋਂ ਕੱਢਿਆ ਹੋਇਆ ਕਾਂਸਟੇਬਲ ਹੈ, ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਉਸ ਦੇ ਸਾਥੀ ਸੋਨੀ ਅਤੇ 2 ਹੋਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਡੀਐੱਸਪੀ ਸਿਟੀ ਰਾਜਿੰਦਰ ਮਨਹਾਸ ਦੀ ਅਗਵਾਈ ਹੇਠ ਪੁਲੀਸ ਟੀਮ ਹਿਮਾਚਲ ਵਿੱਚ ਗਈ ਹੋਈ ਹੈ। ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਘਟਨਾ ਮਗਰੋਂ ਉਨ੍ਹਾਂ ਹਿਮਾਚਲ ਪੁਲੀਸ ਨਾਲ ਤਾਲਮੇਲ ਕਰਕੇ ਬੱਚਾ ਮਾਪਿਆਂ ਹਵਾਲੇ ਕਰ ਦਿੱਤਾ।