ਗੁਰਿੰਦਰ ਸਿੰਘ
ਲੁਧਿਆਣਾ, 31 ਅਗਸਤ
ਲੁਧਿਆਣਾ ਜ਼ਿਲ੍ਹੇ ’ਚ ਅਖਾੜਾ, ਭੂੰਦੜੀ, ਮੁਸ਼ਕਾਬਾਦ, ਘੁੰਗਰਾਲੀ ਰਾਜਪੂਤਾਂ ਤੇ ਜਲੰਧਰ ’ਚ ਭੋਗਪੁਰ, ਕੰਧੋਲਾ ਅਤੇ ਬਿੰਜੋ ਆਦਿ ਥਾਵਾਂ ’ਤੇ ਬਿਮਾਰੀਆਂ ਫੈਲਾਉਣ ਵਾਲੀਆਂ ਬਾਇਓ ਗੈਸ ਫ਼ੈਕਟਰੀਆਂ ਪੱਕੇ ਤੌਰ ’ਤੇ ਬੰਦ ਕਰਾਉਣ ਲਈ ਸ਼ੁਰੂ ਕੀਤੇ ਸੰਘਰਸ਼ ਤਹਿਤ 10 ਸਤੰਬਰ ਨੂੰ ਕੌਮੀ ਮੁੱਖ ਮਾਰਗ ਦਿੱਲੀ ਰੋਡ ਤੇ ਬੀਜਾ ਲਾਗੇ ਦੋ ਘੰਟੇ ਲਈ ਚੱਕਾ ਜਾਮ ਕੀਤਾ ਜਾਵੇਗਾ। ਇਹ ਫ਼ੈਸਲਾ ਅੱਜ ਸੰਘਰਸ਼ ਮੋਰਚਿਆਂ ਦੀ ਤਾਲਮੇਲ ਕਮੇਟੀ ਦੇ ਕੋਆਰਡੀਨੇਟਰ ਸੁਖਦੇਵ ਸਿੰਘ ਭੂੰਦੜੀ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਕੀਤਾ ਗਿਆ ਜਿਸ ਵਿੱਚ ਐਕਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਗਿਆ। ਕਮੇਟੀ ਦੇ ਆਗੂ ਕੰਵਲਜੀਤ ਖੰਨਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿੱਚ ਜਿੱਥੇ ਇਨ੍ਹਾਂ ਫ਼ੈਕਟਰੀਆਂ ਨੂੰ ਬੰਦ ਕਰਾਉਣ ਲਈ ਕਾਨੂੰਨੀ ਚਾਰਾਜੋਈ ਦੇ ਨੁਕਤੇ ਵਿਚਾਰੇ ਗਏ ਉੱਥੇ ਇਸ ਚੱਕਾ ਜਾਮ ਦੇ ਰੋਸ ਐਕਸ਼ਨ ਨੂੰ ਸਫ਼ਲ ਬਣਾਉਣ ਲਈ ਹਫ਼ਤਾ ਭਰ ਲੰਬੀ ਲੋਕ ਲਾਮਬੰਦੀ ਮੁਹਿੰਮ ਵੱਖ ਵੱਖ ਇਲਾਕਿਆਂ ਅਤੇ ਪਿੰਡਾਂ ਵਿੱਚ ਚਲਾਉਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਸ ਐਕਸ਼ਨ ਚ ਵੱਡੀ ਗਿਣਤੀ ਚ ਸ਼ਾਮਲ ਹੋੱਣ ਦਾ ਭਰੋਸਾ ਦਿਵਾਇਆ ਹੈ।