ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਅਗਸਤ
ਇੱਥੋਂ ਦੇ ਬਰੋਟਾ ਰੋਡ ਇਲਾਕੇ ’ਚ ਪਰਿਵਾਰ ਸਮੇਤ ਸੌਂ ਰਹੇ ਗਿਆਰਾਂ ਮਹੀਨੇ ਦੇ ਬੱਚੇ ਨੂੰ ਸੱਪ ਨੇ ਡੰਗ ਲਿਆ ਜਿਸ ਦੀ ਕੁਝ ਦੇਰ ਬਾਅਦ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਫਤਿਹ ਵੀਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬਰੋਟਾ ਰੋਡ ’ਤੇ ਸਥਿਤ ਗੁਰੂ ਗੋਬਿੰਦ ਸਿੰਘ ਨਗਰ ਦੇ ਰਹਿਣ ਵਾਲੇ ਫਤਹਿ ਵੀਰ ਦੇ ਦਾਦਾ ਹਰਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਤਰਨਦੀਪ ਸਿੰਘ ਸੰਧੂ ਦੀ ਵੈਲਡਿੰਗ ਦੀ ਦੁਕਾਨ ਹੈ। ਹਰ ਰੋਜ਼ ਦੀ ਤਰ੍ਹਾਂ ਉਸ ਦਾ ਲੜਕਾ ਤਰਨਦੀਪ ਸਿੰਘ ਸੰਧੂ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ ਵਿੱਚ ਸੌਂ ਗਿਆ। ਰਾਤ ਮੀਂਹ ਪੈਣ ਤੋਂ ਬਾਅਦ ਗਰਿੱਲ ਵਿੱਚੋਂ ਇੱਕ ਸੱਪ ਕਮਰੇ ਵਿੱਚ ਦਾਖਲ ਹੋ ਗਿਆ ਤੇ ਬੱਚੇ ਦੇ ਕੰਨ ’ਤੇ ਕੱਟ ਦਿੱਤਾ। ਬੱਚੇ ਦੇ ਚੀਕਣ ਦੀ ਆਵਾਜ਼ ਸੁਣ ਕੇ ਮਾਂ ਜਾਗ ਗਈ। ਉਸ ਨੇ ਦੇਖਿਆ ਕਿ ਬੱਚੇ ਦੇ ਕੰਨ ’ਚੋਂ ਖੂਨ ਨਿਕਲ ਰਿਹਾ ਸੀ ਅਤੇ ਸੱਪ ਕਮਰੇ ’ਚੋਂ ਬਾਹਰ ਨਿਕਲ ਰਿਹਾ ਸੀ। ਜਿਸ ਤੋਂ ਬਾਅਦ ਉਸ ਨੇ ਰੌਲਾ ਪਾਇਆ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ। ਉਹ ਬੱਚੇ ਨੂੰ ਹਸਪਤਾਲ ਲੈ ਗਏ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।