ਗਗਨਦੀਪ ਅਰੋੜਾ
ਲੁਧਿਆਣਾ, 31 ਅਗਸਤ
ਇੱਥੋਂ ਦੇ ਲੋਕ ਬਿਜਲੀ ਦੇ ਲੰਬੇ ਕੱਟਾਂ ਤੋਂ ਪ੍ਰੇਸ਼ਾਨ ਹਨ ਜਿਸ ਤੋਂ ਦੁਖੀ ਹੋ ਕੇ ਸ਼ਹਿਰ ਦੇ ਪੌਸ਼ ਇਲਾਕੇ ਬਸੰਤ ਐਵੇਨਿਊ ਦੇ ਲੋਕ ਅੱਜ ਸੜਕਾਂ ’ਤੇ ਆ ਗਏ। ਬਿਜਲੀ ਦੇ ਲੰਬੇ ਕੱਟਾਂ ਤੋਂ ਪ੍ਰੇਸ਼ਾਨ ਲੋਕ ਆਪਣੇ ਪਰਿਵਾਰਾਂ ਸਣੇ ਦੁੱਗਰੀ ਮੇਨ ਰੋਡ ’ਤੇ ਪੁੱਜੇ ਅਤੇ ਰੋਡ ਜਾਮ ਕਰ ਦਿੱਤਾ ਜਿਸ ਕਾਰਨ ਟ੍ਰਰੈਫਿਕ ਜਾਮ ਹੋ ਗਿਆ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਦਾ ਪਤਾ ਲੱਗਦਿਆਂ ਹੀ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਮੌਕੇ ’ਤੇ ਪੁੱਜੇ। ਉਨ੍ਹਾਂ ਕਲੋਨੀ ਵਾਸੀਆਂ ਨਾਲ ਗੱਲਬਾਤ ਕੀਤੀ। ਲੋਕਾਂ ਨੇ ਜਿੱਥੇ ਕਲੋਨੀ ਕੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ, ਉੱਥੇ ਹੀ ਬਿਜਲੀ ਵਿਭਾਗ ਵੱਲੋਂ 18-18 ਘੰਟੇ ਦੇ ਕੱਟ ਲਾਏ ਜਾਣ ’ਤੇ ਵੀ ਨਾਰਾਜ਼ਗੀ ਜਤਾਈ ਜਿਸ ’ਤੇ ਵਿਧਾਇਕ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੇ ਸਾਰੇ ਮਸਲੇ ਇੱਕ ਹਫ਼ਤੇ ਦੇ ਅੰਦਰ-ਅੰਦਰ ਹੱਲ ਕਰ ਦਿੱਤੇ ਜਾਣਗੇ ਜਿਸ ’ਤੇ ਕਲੋਨੀ ਵਾਸੀ ਸ਼ਾਂਤ ਹੋਏ ਅਤੇ ਉਥੋਂ ਚਲੇ ਗਏ।
ਪ੍ਰਦਰਸ਼ਨਕਾਰੀਆਂ ਹਰਦੀਪ ਸਿੰਘ ਅਤੇ ਅਜੈ ਮਹਿਤਾ ਨੇ ਕਿਹਾ ਕਿ ਉਹ ਸਭ ਸ਼ਹਿਰ ਦੀ ਸਭ ਤੋਂ ਪੌਸ਼ ਕਲੋਨੀ ਬਸੰਤ ਐਵੇਨਿਊ ਵਿੱਚ ਰਹਿੰਦੇ ਹਨ ਪਰ ਇੱਥੇ ਕੋਈ ਵੀ ਸਹੂਲਤ ਨਹੀਂ ਹੈ। ਕਲੋਨੀ ਵਿੱਚ ਨਾ ਤਾਂ ਸਮੇਂ ਸਿਰ ਪਾਣੀ ਆਉਂਦਾ ਹੈ ਅਤੇ ਨਾ ਹੀ ਲਾਈਟਾਂ ਦਾ ਕੋਈ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਹੁਣ ਬਿਜਲੀ ਦੇ ਕੱਟ 18-18 ਘੰਟੇ ਲੱਗ ਰਹੇ ਹਨ ਜਿਸ ਕਾਰਨ ਉਹ ਪ੍ਰੇਸ਼ਾਨ ਹਨ। ਬੱਚਿਆਂ ਨੂੰ ਕਾਰ ਸਟਾਰਟ ਕਰਕੇ ਸੌਣਾ ਪੈਂਦਾ ਹੈ ਤਾਂ ਜੋ ਉਹ ਸਮੇਂ ਸਿਰ ਸਕੂਲ ਪਹੁੰਚ ਸਕਣ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਨੂੰ ਕੁਝ ਵੀ ਮੁਫਤ ਨਹੀਂ ਚਾਹੀਦਾ। ਮੁਫਤ ਬਿਜਲੀ ਦੇ ਨਾਂ ’ਤੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਕਲੋਨੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਵਿਧਾਇਕ ਨੂੰ ਇਹ ਸਮੱਸਿਆਵਾਂ ਇੱਕ ਹਫ਼ਤੇ ਵਿੱਚ ਹੱਲ ਕਰਨ ਲਈ ਕਿਹਾ ਹੈ। ਜੇਕਰ ਕੋਈ ਹੱਲ ਨਾ ਕੱਢਿਆ ਗਿਆ ਤਾਂ ਉਹ ਫਿਰ ਤੋਂ ਡੀਸੀ ਦਫ਼ਤਰ ਦੇ ਨਾਲ-ਨਾਲ ਸੜਕ ’ਤੇ ਜਾਮ ਲਾਉਣਗੇ।
ਪ੍ਰਦਰਸ਼ਨ ਦੀ ਸੂਚਨਾ ਮਿਲਦੇ ਹੀ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਖੁੱਦ ਇਸ ਮਾਮਲੇ ਨੂੰ ਦੇਖਣਗੇ, ਜੇ ਕਲੋਨਾਈਜ਼ਰ ਨਾਲ ਗੱਲ ਕਰਨੀ ਪਈ, ਉਸ ਨਾਲ ਵੀ ਕੀਤੀ ਜਾਏਗੀ ਤੇ ਸਰਕਾਰੀ ਵਿਭਾਗਾਂ ਤੋਂ ਜੋ ਪ੍ਰੇਸ਼ਾਨੀ ਹੈ, ਉਸ ਨੂੰ ਦੂਰ ਕੀਤਾ ਜਾਏਗਾ।