ਬੀਰਬਲ ਰਿਸ਼ੀ
ਧੂਰੀ, 31 ਅਗਸਤ
ਕੋਅਪਰੇਟਿਵ ਅਦਾਰਿਆ ’ਚ ਹੋ ਰਹੀਆਂ ਕਥਿਤ ਘਪਲੇਬਾਜ਼ੀਆਂ ਦੇ ਸਾਹਮਣੇ ਆ ਰਹੇ ਮਾਮਲਿਆ ਸਬੰਧੀ ਜ਼ਿਲ੍ਹਾ ਸੰਗਰੂਰ ਦੇ ਮੋਹਰੀ ਕਿਸਾਨ ਆਗੂਆਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨਾਲ ਮੁਲਾਕਾਤ ਕੀਤੀ। ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਸੀਨੀਅਰ ਆਗੂ ਗੁਰਜੀਤ ਸਿੰਘ ਭੜੀ ਅਤੇ ਸ਼ੂਗਰਕੇਨ ਸੁਸਾਇਟੀ ਧੂਰੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੇ ਦੱਸਿਆ ਕਿ ਇਸ ਸਬੰਧੀ ਪ੍ਰਧਾਨ ਰਾਜੇਵਾਲ ਨੇ ਕੋਆਪਰੇਟਿਵ ਬੈਂਕ, ਲੈਂਡਮਾਰਗਜ਼ ਬੈਂਕ, ਸ਼ੂਗਰਫੈੱਡ ਤੇ ਮਾਰਕਫੈਡ ਘਾਟੇ ਵੱਲ ਜਾ ਰਹੇ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਕੋਲ ਸਹਿਕਾਰਤਾ ਵਿਭਾਗ ਹੋਣ ਦੇ ਬਾਵਜੂਦ ਉਨ੍ਹਾਂ ਦੋ ਢਾਈ ਸਾਲਾਂ ਵਿੱਚ ਇੱਕ ਵੀ ਮੀਟਿੰਗ ਨਹੀਂ ਕੀਤੀ। ਸੁਸਾਇਟੀਆਂ ’ਚ ਹੋ ਰਹੀ ਲੁੱਟ ਤੇ ਹੋਰ ਮਾਮਲਿਆਂ ਸਬੰਧੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਲੈ ਕੇ 2 ਸਤੰਬਰ ਨੂੰ ਚੰਡੀਗੜ੍ਹ ਕੀਤੀ ਜਾ ਰੈਲੀ ਵਿੱਚ ਇਹ ਮੁੱਦੇ ਉਚੇਚੇ ਤੌਰ ’ਤੇ ਉਭਾਰੇ ਜਾਣਗੇ।
ਬੀਕੇਯੂ ਰਾਜੇਵਾਲ ਦੇ ਦੋ ਬਲਾਕਾਂ ਦੀ ਮੀਟਿੰਗ
ਦੋ ਸਤੰਬਰ ਦੀ ਚੰਡੀਗੜ੍ਹ ਰੈਲੀ ਦੀਆਂ ਤਿਆਰੀਆਂ ਸਬੰਧੀ ਬਲਾਕ ਧੂਰੀ ਤੇ ਸ਼ੇਰਪੁਰ ਦੀ ਮੀਟਿੰਗ ਧੂਰੀ ਦਾਣਾ ਮੰਡੀ ਵਿੱਚ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ 2 ਸਤੰਬਰ ਦੀ ਰੈਲੀ ਵਿੱਚ ਕਾਫਲਿਆ ਦੇ ਰੂਪ ਵਿੱਚ ਜਾਣ ਸਬੰਧੀ ਵਿਚਾਰਾਂ ਤੋਂ ਇਲਾਵਾ ਨਵੇਂ ਆ ਰਹੇ ਡੀਏਪੀ ਦੇ ਨਮੂਨੇ ਲਏ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ ਬਲਾਕ ਆਗੂ ਕਿਰਪਾਲ ਸਿੰਘ ਬਟੂਹਾ, ਗੁਰਜੀਤ ਸਿੰਘ ਭੜੀ, ਜਸਦੇਵ ਸਿੰਘ ਭੁੱਲਰਹੇੜੀ, ਜੁਗਤੇਜ ਬਮਾਲ, ਅਵਤਾਰ ਸਿੰਘ ਭੱਟੀਆਂ ਆਦਿ ਹਾਜ਼ਰ ਸਨ।