ਪੱਤਰ ਪ੍ਰੇਰਕ
ਜਲੰਧਰ, 31 ਅਗਸਤ
ਸਿਟੀ ਪੁਲੀਸ ਨੇ 12ਵੀਂ ਜਮਾਤ ਦੀ ਵਿਦਿਆਰਥਣ ਨੂੰ ਕਥਿਤ ਤੌਰ ’ਤੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਡੀਏਵੀ ਪਬਲਿਕ ਸਕੂਲ ਦੇ ਦੋ ਅਧਿਆਪਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। 17 ਸਾਲਾ ਨਿਹਾਰਿਕਾ ਨੇ ਵੀਰਵਾਰ ਸ਼ਾਮ ਨੂੰ ਕੋਟ ਬਹਾਦਰ ਖਾਂ ਸਥਿਤ ਆਪਣੇ ਘਰ ’ਚ ਪੱਖੇ ਨਾਲ ਫਾਹਾ ਲੈ ਕੇ ਜਾਨ ਦੇ ਦਿੱਤੀ ਸੀ। ਲੜਕੀ ਦੇ ਮਾਪਿਆਂ ਦਾ ਦੋਸ਼ ਸੀ ਕਿ ਸਕੂਲ ਦੇ ਅਧਿਆਪਕ ਉਸ ਨੂੰ ਫੀਸ ਲਈ ਪ੍ਰੇਸ਼ਾਨ ਕਰ ਰਹੇ ਸਨ, ਜਿਸ ਦੇ ਡਰੋਂ ਉਹ 14 ਅਗਸਤ ਤੋਂ ਬਾਅਦ ਸਕੂਲ ਨਹੀਂ ਆਈ। ਵੀਰਵਾਰ ਸ਼ਾਮ ਨੂੰ ਦੋ ਅਧਿਆਪਕ ਉਸ ਨੂੰ ਫੋਨ ਕਰ ਰਹੇ ਸਨ, ਜਿਸ ਤੋਂ ਬਾਅਦ ਨਿਹਾਰਿਕਾ ਨੇ ਉਸ ਨਾਲ ਗੱਲਬਾਤ ਕੀਤੀ। ਇਸ ਤੋਂ ਤੁਰੰਤ ਬਾਅਦ ਉਸ ਨੇ ਇਹ ਕਦਮ ਚੁੱਕ ਲਿਆ। ਪਰਿਵਾਰ ਨੇ ਮਾਮਲਾ ਦਰਜ ਹੋਣ ਤੋਂ ਬਾਅਦ ਲੜਕੀ ਦਾ ਸਸਕਾਰ ਕਰ ਦਿੱਤਾ ਹੈ। ਥਾਣਾ ਡਿਵੀਜ਼ਨ ਨੰਬਰ-4 ਦੇ ਐਸਐਚਓ ਹਰਦੇਵ ਸਿੰਘ ਨੇ ਦੱਸਿਆ ਕਿ ਅਜੇ ਤੱਕ ਅਧਿਆਪਕਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਕਿਉਂਕਿ ਮਾਮਲੇ ਦੀ ਜਾਂਚ ਜਾਰੀ ਹੈ। ਲੜਕੀ ਦੇ ਪਿਤਾ ਵਿਪਨ ਕੁਮਾਰ ਨੇ ਦੱਸਿਆ ਕਿ ਉਸ ਦੀ ਧੀ ਘਰ ਵਿੱਚ ਕਿਸੇ ਨਾਲ ਆਪਣੀ ਸਮੱਸਿਆ ਸਾਂਝੀ ਨਹੀਂ ਕਰਦੀ ਸੀ। ਪੁਲੀਸ ਡੀਏਵੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਡਾਕਟਰ ਰਸ਼ਮੀ ਵਿੱਜ ਨੇ ਮਾਪਿਆਂ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੀੜਤ ਨੂੰ ਫੀਸ ਵਿੱਚ ਰਿਆਇਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਉਸ ਨੂੰ ਆਪਣੀਆਂ ਕਲਾਸਾਂ ਮੁੜ ਸ਼ੁਰੂ ਕਰਨ ਲਈ ਬੁਲਾ ਰਹੇ ਸਨ ਕਿਉਂਕਿ ਉਸ ਦੀ ਮਿਡ-ਟਰਮ ਪ੍ਰੀਖਿਆ ਨੇੜੇ ਆ ਰਹੀ ਸੀ। ਇਸ ਦੌਰਾਨ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਥਾਣੇ ਅੱਗੇ ਪ੍ਰਦਰਸ਼ਨ ਵੀ ਕੀਤਾ ਤੇ ਅਧਿਆਪਕਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।