ਭੁਲੱੱਥ: ਪੰਜਾਬ ਸਰਕਾਰ ਦੇ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਬ-ਡਵੀਜ਼ਨ ਭੁਲੱਥ ’ਚ ਪੈਂਦੇ ਪਿੰਡ ਰਾਜਪੁਰ ਦੇ ਗੁਰਦੁਆਰਾ ਸੁਖ ਸਾਗਰ ਬੇਰੀਆ ਵਾਲਾ ਦੇ ਹਾਲ ਵਿੱਚ ਕੈਂਪ ਲਾਇਆ ਗਿਆ ਜਿਸ ’ਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਯਨ ਅਤੇ ਐੱਸਡੀਐੱਮ ਭੁਲੱਥ ਨਵਨੀਤ ਕੌਰ ਬੱਲ ਵਲੋਂ ਹੋਰਨਾਂ ਅਧਿਕਾਰੀਆਂ ਸਮੇਤ ਲੋਕਾਂ ਦੇ ਮਸਲਿਆਂ ਦੀ ਸੁਣਵਾਈ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਵੀ ਲਿਆ ਗਿਆ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਯਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਪ੍ਰੋਗਰਾਮ ਤਹਿਤ ਪਿੰਡ ਪੱਧਰ ਦੇ ਕਲਸਟਰ ਬਣਾ ਕੇ ਹਫਤੇ ਦੇ ਦੋ ਦਿਨ ਵਿਸ਼ੇਸ਼ ਕੈਂਪ ਲਾ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਸਰਕਾਰੀ ਸੇਵਾਵਾਂ ਦਾ ਲਾਭ ਪੁੱਜਦਾ ਕੀਤਾ ਜਾਣਾ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਮੌਕੇ ਐੱਸਡੀਐੱਮ ਭੁਲੱਥ ਨਵਨੀਤ ਕੌਰ ਬੱਲ ਵਲੋਂ ਕੈਂਪ ’ਚ ਆਏ ਲੋਕਾਂ ਨੂੰ ਮੌਕੇ ’ਤੇ ਜ਼ਰੂਰੀ ਦਸਤਾਵੇਜ਼ ਵੀ ਸੌਂਪੇ ਗਏ। -ਪੱਤਰ ਪ੍ਰੇਰਕ