ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 31 ਅਗਸਤ
ਗੜ੍ਹਸ਼ੰਕਰ-ਨੰਗਲ ਮਾਰਗ ’ਤੇ ਲੰਮੇ ਸਮੇਂ ਤੋਂ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਵਿੱਚ ਦਾਖਲ ਹੁੰਦੇ ਖਣਨ ਸਮੱਗਰੀ ਨਾਲ ਭਰੇ ਓਵਰਲੋਡ ਟਿੱਪਰਾਂ ਤੋਂ ਪ੍ਰੇਸ਼ਾਨ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਅੱਜ ਗੜ੍ਹਸ਼ੰਕਰ-ਨੰਗਲ ਮਾਰਗ ’ਤੇ ਆਵਾਜਾਈ ਠੱਪ ਕਰ ਕੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਲਾਕਾ ਵਾਸੀਆਂ ਨੇ ਕਿਹਾ ਕਿ ਇਸ ਸੜਕ ’ਤੇ ਦਿਨ ਰਾਤ ਖਣਨ ਸਮੱਗਰੀ ਨਾਲ ਭਰੇ ਓਵਰਲੋਡ ਟਿੱਪਰਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ ਜਿਸ ਕਰਕੇ ਰਾਹਗੀਰਾਂ ਨੂੰ ਰੋਜ਼ਾਨਾ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਵੀ ਪਿੰਡ ਸਦਰਪੁਰ ’ਚ ਟਿੱਪਰਾਂ ਦੀ ਆਵਾਜਾਈ ਕਾਰਨ ਸਕੂਲੀ ਬੱਚਿਆਂ ਨਾਲ ਭਰੀਆਂ ਇਲਾਕੇ ਦੀਆਂ ਨਿੱਜੀ ਸਕੂਲ ਦੀਆਂ ਬੱਸਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਇਲਾਕਾ ਵਾਸੀ ਬਲਵੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਟਿੱਪਰਾਂ ਕਾਰਨ ਇਸ ਸੜਕ ’ਤੇ ਵਾਪਰੇ ਅਨੇਕਾਂ ਹਾਦਸਿਆਂ ਨਾਲ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ ਪਰ ਸਥਾਨਕ ਪ੍ਰਸ਼ਾਸਨ ਇਸ ਸਮੱਸਿਆ ਦਾ ਹੱਲ ਕੱਢਣ ਸਬੰਧੀ ਕੋਈ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇਲਾਕਾ ਵਾਸੀਆਂ ਦਾ ਵਫ਼ਦ ਪੁਲੀਸ ਪ੍ਰਸ਼ਾਸਨ ਨੂੰ ਕਈ ਵਾਰ ਮਿਲ ਚੁੱਕਾ ਹੈ ਪਰ ਖਣਨ ਮਾਫੀਆ ਦੀਆਂ ਵੱਧਦੀਆਂ ਵਪਾਰਕ ਗਤੀਵਿਧੀਆਂ ਨੇ ਇਲਾਕੇ ਦੀਆਂ ਸੜਕਾਂ ਬਰਬਾਦ ਕਰ ਦਿੱਤੀਆਂ ਹਨ ਅਤੇ ਲੋਕਾਂ ਦੀ ਜ਼ਿੰਦਗੀ ਮੁਸ਼ਕਿਲਾਂ ਵਿੱਚ ਪਾ ਦਿਤੀ ਹੈ। ਇਸ ਧਰਨੇ ਦੌਰਾਨ ਉਕਤ ਸੜਕ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਆਮ ਲੋਕਾਂ ਨੂੰ ਪਿੰਡਾਂ ਵਿੱਚੋਂ ਘੁੰਮ ਕੇ ਆਪਣੀ ਮੰਜ਼ਲ ਤੱਕ ਜਾਣਾ ਪਿਆ। ਇਸ ਮੌਕੇ ਇਲਾਕਾ ਵਾਸੀਆਂ ਨੇ ਸੂਬਾ ਸਰਕਾਰ ਦੇ ਨੁਮਾਇੰਦਿਆਂ ਵਿਰੁੱਧ ਜੰਮ ਕੇ ਭੜਾਸ ਕੱਢੀ। ਧਰਨੇ ਮੌਕੇ ਟਰੈਫਿਕ ਪੁਲੀਸ ਇੰਚਾਰਜ ਰਣਜੀਤ ਸਿੰਘ ਮੌਕੇ ’ਤੇ ਪੁੱਜੇ ਅਤੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਅਤੇ ਆਵਾਜਾਈ ਬਹਾਲ ਕੀਤੀ। ਪੁਲੀਸ ਪ੍ਰਸ਼ਾਸਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਸੜਕ ਤੋਂ ਲੰਘਦੇ ਟਿੱਪਰਾਂ ਦਾ ਸਮਾਂ ਰਾਤ ਦੱਸ ਵਜੇ ਤੋਂ ਸਵੇਰੇ ਛੇ ਵਜੇ ਨਿਰਧਾਰਤ ਕਰ ਦਿੱਤਾ ਹੈ। ਇਸ ਮੌਕੇ ਇਲਾਕਾ ਵਾਸੀਆਂ ਨੇ ਕਿਹਾ ਕਿ ਜੇ ਇਸ ਸੜਕ ’ਤੇ ਇਸੇ ਤਰ੍ਹਾਂ ਟਿੱਪਰਾਂ ਦੀ ਆਵਾਜਾਈ ਜਾਰੀ ਰਹੀ ਤਾਂ ਇੱਥੇ ਪੱਕਾ ਮੋਰਚਾ ਲਾਇਆ ਜਾਵੇਗਾ।