ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 1 ਸਤੰਬਰ
ਚੋਣਾਂ ਦੌਰਾਨ ਹਰਿਆਣਾ ਵਿਚ ਵੱਡੇ ਸਿਆਸੀ ਉਲਟ ਫੇਰ ਹੋ ਰਹੇ ਹਨ। ਦਸੰਬਰ 2020 ਵਿੱਚ ਅੰਬਾਲਾ ਸ਼ਹਿਰ ਤੋਂ ਭਾਜਪਾ ਦੀ ਮੇਅਰ ਦੇ ਅਹੁਦੇ ਦੀ ਉਮੀਦਵਾਰ ਵੰਦਨਾ ਸ਼ਰਮਾ ਨੂੰ ਹਰਾ ਕੇ ਨਗਰ ਨਿਗਮ ਦੀ ਪਹਿਲੀ ਮਹਿਲਾ ਮੇਅਰ ਬਣਨ ਵਾਲੀ ਸ਼ਕਤੀ ਰਾਣੀ ਸ਼ਰਮਾ ਪਤਨੀ ਪੰਡਿਤ ਵਿਨੋਦ ਸ਼ਰਮਾ ਅੱਜ ਜੀਂਦ ਵਿੱਚ ਜਨ ਆਸ਼ੀਰਵਾਦ ਰੈਲੀ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਪਾਰਟੀ ਪ੍ਰਦੇਸ਼ ਪ੍ਰਧਾਨ ਮੋਹਨ ਲਾਲ ਬੜੌਲੀ ਦੀ ਦੀ ਹਾਜ਼ਰੀ ਵਿੱਚ ਭਾਜਪਾ ਵਿਚ ਸ਼ਾਮਲ ਹੋ ਗਈ ਹੈ। ਕਿਆਸ ਲਾਏ ਜਾ ਰਹੇ ਹਨ ਕਿ ਸ਼ਕਤੀ ਰਾਣੀ ਅੰਬਾਲਾ ਸ਼ਹਿਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜ ਸਕਦੀ ਹੈ। ਸੂਤਰਾਂ ਅਨੁਸਾਰ ਅੰਬਾਲਾ ਸ਼ਹਿਰ ਤੋਂ ਵਿਧਾਇਕ ਤੇ ਸੈਣੀ ਸਰਕਾਰ ਵਿਚ ਮੰਤਰੀ ਅਸੀਮ ਗੋਇਲ ਅੰਬਾਲਾ ਤੋਂ ਆਪਣੀ ਦਾਅਵੇਦਾਰੀ ਛੱਡ ਕੇ ਪੰਚਕੂਲਾ ਤੋਂ ਟਿਕਟ ਮੰਗ ਰਹੇ ਹਨ।