ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਸਤੰਬਰ
ਥਾਣਾ ਸਲੇਮ ਟਾਬਰੀ ਦੇ ਇਲਾਕੇ ਵਿੱਚ ਸਥਿਤ ਅਣਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਸ਼ਰਾਬ ਦੇ ਦੋ ਠੇਕਿਆਂ ਤੋਂ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਇਸ ਸਬੰਧੀ ਰਾਜਗੁਰੂ ਨਗਰ ਵਾਸੀ ਸਾਜਨ ਚੁੱਘ ਨੇ ਦੱਸਿਆ ਕਿ ਉਹ ਵਾਈਨ ਕੰਪਨੀ ਸ਼ਿਵਾ ਟਰੇਡਰ ਲਾਡੋਵਾਲ ਗਰੁੱਪ ਵਿੱਚ ਬਤੌਰ ਹੈੱਡ ਮੈਨੇਜਰ ਤਾਇਨਾਤ ਹੈ। ਫਰਮ ਦਾ ਇੱਕ ਸ਼ਰਾਬ ਦਾ ਠੇਕਾ ਗਰੀਨ ਲੈਂਡ-1 ਜਲੰਧਰ ਬਾਈਪਾਸ ਚੌਕ ਨੇੜੇ ਸੋਢੀ ਢਾਬਾ ਵਿਖੇ ਹੈ। ਠੇਕੇ ਦੇ ਕਰਿੰਦਿਆਂ ਉੱਤਮ ਸਿੰਘ ਅਤੇ ਅਭਿਸ਼ੇਕ ਕੁਮਾਰ ਨੇ ਉਸਨੂੰ ਫੋਨ ਕਰਕੇ ਦੱਸਿਆ ਕਿ ਚਾਰ ਲੜਕੇ ਦੋ ਮੋਟਰਸਾਈਕਲਾਂ ਬਿਨਾਂ ਨੰਬਰੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਉਨ੍ਹਾਂ ਨੂੰ ਡਰਾ
ਧਮਕਾ ਕੇ ਸਾਰੇ ਦਿਨ ਦੀ ਸ਼ਰਾਬ ਸੇਲ ਦੀ ਰਕਮ ਖੋਹ ਕੇ ਫ਼ਰਾਰ ਹੋ ਗਏ। ਉਸਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਹੀ ਚਾਰ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬਹਾਦਰ-ਕੇ ਰੋਡ ਸਥਿਤ ਫਰੈਂਡਜ਼ ਵਾਈਨ ਕੰਪਨੀ ਦੇ ਠੇਕਾ ਸ਼ਰਾਬ ਬਹਾਦਰ-ਕੇ ਰੋਡ ’ਤੇ ਵੀ ਇਸੇ ਤਰ੍ਹਾਂ ਦੀ ਹੀ ਲੁੱਟ-ਖੋਹ ਕੀਤੀ ਹੈ। ਥਾਣੇਦਾਰ ਚਰਨ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ।